ਹੈਦਰਾਬਾਦ : ਹੈਦਰਾਬਾਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਵੱਡੀ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਇੱਕ ਵਰਕਰ ਨੇ ਅਮਿਤ ਸ਼ਾਹ ਦੇ ਕਾਫਲੇ ਦੇ ਅੱਗੇ ਕਾਰ ਖੜ੍ਹੀ ਕਰ ਦਿੱਤੀ। ਜਿਸ ਤੋਂ ਬਾਅਦ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਟੀਆਰਐਸ ਵਰਕਰ ਨੂੰ ਜ਼ਬਰਦਸਤੀ ਹਟਾ ਦਿੱਤਾ। 

 

ਮਿਲੀ ਜਾਣਕਾਰੀ ਮੁਤਾਬਕ ਜੀ ਸ਼੍ਰੀਨਿਵਾਸ ਨਾਮ ਦੇ ਟੀਆਰਐਸ ਨੇਤਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਾਫਲੇ ਦੇ ਸਾਹਮਣੇ ਕਾਰ ਲਗਾ ਦਿੱਤੀ ਸੀ। ਸ਼੍ਰੀਨਿਵਾਸ ਨੇ ਕਿਹਾ ਕਿ ''ਮੇਰੀ ਕਾਰ ਆਪਣੇ ਆਪ ਰੁਕ ਗਈ। ਮੈਂ ਬਹੁਤ ਟੈਨਸ਼ਨ ਵਿੱਚ ਸੀ। ਮੈਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਾਂਗਾ। ਟੀਆਰਐਸ ਆਗੂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਮੇਰੀ ਕਾਰ ਦੀ ਭੰਨਤੋੜ ਕੀਤੀ। ਸ੍ਰੀਨਿਵਾਸ ਨੇ ਕਿਹਾ, ‘ਮੈਂ ਚਲਾ ਜਾਵਾਂਗਾ, ਇਸ ਮਾਮਲੇ ਨੂੰ ਬਿਨਾਂ ਮਤਲਬ ਤੋਂ ਵਧਾਇਆ ਜਾ ਰਿਹਾ ਹੈ।’ 

 

ਕੇਂਦਰ ਸਰਕਾਰ ਨੇ ਅੱਜ ਹੈਦਰਾਬਾਦ ਮੁਕਤੀ ਦਿਵਸ ‘ਤੇ ਸਿਕੰਦਰਾਬਾਦ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਇਸ ਪ੍ਰੋਗਰਾਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਹਨ ਅਤੇ ਉਹ ਇਸ ਪ੍ਰੋਗਰਾਮ ਦੇ ਸਿਲਸਿਲੇ 'ਚ ਹੈਦਰਾਬਾਦ ਗਏ ਹੋਏ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹੈਦਰਾਬਾਦ ਦੀ ਮੁਕਤੀ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤਾ ਅਤੇ ਵੋਟ ਬੈਂਕ ਦੀ ਰਾਜਨੀਤੀ ਅਤੇ ਰਜ਼ਾਕਾਰਾਂ ਦੇ "ਡਰ" ਕਾਰਨ "ਆਜ਼ਾਦੀ ਦਿਵਸ" ਮਨਾਉਣ ਦੇ ਵਾਅਦੇ ਤੋਂ "ਮੁਕਰ ਜਾਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ।


ਸਰਦਾਰ ਪਟੇਲ ਦੀ ਭੂਮਿਕਾ 'ਤੇ ਦਿੱਤਾ ਜ਼ੋਰ


ਸ਼ਾਹ ਨੇ 'ਹੈਦਰਾਬਾਦ ਲਿਬਰੇਸ਼ਨ ਡੇ' 'ਤੇ ਹੈਦਰਾਬਾਦ 'ਚ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਰਦਾਰ ਪਟੇਲ ਨਾ ਹੁੰਦੇ ਤਾਂ ਹੈਦਰਾਬਾਦ ਨੂੰ ਮੁਕਤ ਕਰਵਾਉਣ 'ਚ ਕਈ ਸਾਲ ਹੋਰ ਲੱਗ ਜਾਂਦੇ। ਉਨ੍ਹਾਂ ਕਿਹਾ ਕਿ ਪਟੇਲ ਜਾਣਦੇ ਸਨ ਕਿ ਜਦੋਂ ਤੱਕ ਨਿਜ਼ਾਮ ਦੇ ਰਜ਼ਾਕਾਰਾਂ ਨੂੰ ਨਹੀਂ ਹਰਾਇਆ ਜਾਂਦਾ, ਅਖੰਡ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋਵੇਗਾ। 

 

ਇਸ ਪ੍ਰੋਗਰਾਮ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਕਈ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਸ਼ਾਹ ਨੇ ਕਿਹਾ, 'ਇੰਨੇ ਸਾਲਾਂ ਬਾਅਦ ਇਸ ਧਰਤੀ ਦੇ ਲੋਕਾਂ ਦੀ ਇੱਛਾ ਸੀ ਕਿ 'ਹੈਦਰਾਬਾਦ ਮੁਕਤੀ ਦਿਵਸ' ਸਰਕਾਰ ਦੀ ਸ਼ਮੂਲੀਅਤ ਨਾਲ ਮਨਾਇਆ ਜਾਵੇ ਪਰ ਮੰਦਭਾਗੀ ਗੱਲ ਹੈ ਕਿ 75 ਸਾਲਾਂ ਬਾਅਦ ਵੀ ਇੱਥੇ ਵੋਟ ਬੈਂਕ ਦੀ ਰਾਜਨੀਤੀ ਹੀ ਰਾਜ ਕਰ ਰਹੀ ਹੈ। ਇਸ ਕਰਕੇ "ਹੈਦਰਾਬਾਦ ਲਿਬਰੇਸ਼ਨ ਡੇ" ਮਨਾਉਣ ਦੀ ਹਿੰਮਤ ਨਹੀਂ ਜੁਟਾ ਸਕੇ।'