ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਲਗਪਗ ਹਰ ਸ਼ਖਸ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬੀ ਗਾਇਕ ਬਾਰਡਰ 'ਤੇ ਪਹੁੰਚਣ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਦਾ ਕਿਸਾਨ ਅੰਦੋਲਨ ਲਈ ਸਮਰਥਨ ਮੰਗ ਰਹੇ ਹਨ। ਇਨ੍ਹਾਂ 'ਚੋਂ ਇੱਕ ਪੰਜਾਬੀ ਸਿੰਗਰ ਜੈਜ਼ੀ ਬੀ ਹਨ। ਜੈਜ਼ੀ ਬੀ ਅੱਜ ਭਾਰਤ ਬੰਦ ਵਾਲੇ ਦਿਨ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਜੈਜ਼ੀ ਨੇ ਲਾਈਵ ਰਾਹੀਂ ਲੋਕਾਂ ਨੂੰ ਇਕ ਰੱਖਣ ਦੀ ਅਪੀਲ ਕੀਤੀ।


 


ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਸ ਲਈ ਸਾਨੂੰ ਆਪਸੀ ਰੰਜਿਸ਼ ਰੱਖਣ ਦੀ ਬਜਾਏ ਪਿਆਰ ਤੇ ਏਕੇ ਨਾਲ ਰਹਿਣਾ ਹੈ। ਉਨ੍ਹਾਂ ਕਿਸਾਨਾਂ ਲੀਡਰਾਂ ਨੂੰ ਵੀ ਅਪੀਲ ਕੀਤੀ। ਜੈਜ਼ੀ ਬੀ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਤੋੜਨ ਲਈ ਬਹੁਤ ਕੋਸ਼ਿਸ਼ਾਂ ਚੱਲ ਰਹੀਆਂ ਹਨ, ਪਰ ਸਾਨੂੰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਾ ਹੈ।



ਲਾਈਵ ਦੌਰਾਨ ਜੈਜ਼ੀ ਬੀ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਤੇ ਕਿਹਾ, 'ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਸਿਆਣੇ ਹੋ, ਕ੍ਰਿਪਾ ਕਰਕੇ ਏਕਾ ਜ਼ਰੂਰ ਰੱਖੋ। ਜਿਸ ਕਿਸੇ ਨੇ ਵੀ ਕਿਸਾਨ ਅੰਦੋਲਨ 'ਚ ਯੋਗਦਾਨ ਪਾਇਆ ਹੈ, ਉਸ ਨੂੰ ਗਲਤ ਨਹੀਂ ਬੋਲਣਾ, ਫਿਰ ਭਾਵੇਂ ਉਹ ਦੀਪ ਸਿੱਧੂ ਹੋਵੇ ਜਾਂ ਲੱਖਾ ਸਿਧਾਣਾ। ਕ੍ਰਿਪਾ ਕਰਕੇ ਤੁਸੀਂ ਜੇਲ੍ਹਾਂ 'ਚ ਬੰਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਛੁਡਾਉਣ ਲਈ ਵੀ ਕੋਸ਼ਿਸ਼ ਕਰੋ।'


 


ਜੈਜ਼ੀ ਬੀ ਨੇ ਅਖੀਰ 'ਚ ਕਿਹਾ, 'ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣ ਗਿਆ ਹੈ। ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਬਹੁਤ ਹੋਈਆਂ ਤੇ ਅੱਗੇ ਵੀ ਇਹ ਚੱਲਦੀਆਂ ਰਹਿਣੀਆਂ ਹਨ। ਕਿਸੇ ਖ਼ਿਲਾਫ਼ ਕੋਈ ਵੀਡੀਓ ਨਾ ਪਾਇਆ ਕਰੋ ਤੇ ਕਿਸੇ ਨੂੰ ਗਲਤ ਵੀ ਨਹੀਂ ਬੋਲਣਾ। ਕੋਈ ਕੁਝ ਵੀ ਕੰਮ ਕਰਦਾ ਹੋਵੇ, ਖਾਣਾ ਤਾਂ ਅਸੀਂ ਸਾਰਿਆਂ ਨੇ ਹੀ ਹੈ।'