ਮੁੰਬਈ: ਮੁੰਬਈ ਪੁਲਿਸ ਨੇ ਅਭਿਨੇਤਰੀ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਸੰਮਨ ਅਨੁਸਾਰ ਦੋਵਾਂ ਨੂੰ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਪੇਸ਼ ਹੋਣਾ ਪਵੇਗਾ। ਬਾਂਦਰਾ ਪੁਲਿਸ ਨੇ ਸ਼ਨੀਵਾਰ ਨੂੰ ਦੋਵਾਂ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਵਧਾਉਣ ਅਤੇ ਹੋਰ ਦੋਸ਼ਾਂ ਲਈ ਸਥਾਨਕ ਅਦਾਲਤ ਦੇ ਆਦੇਸ਼ ‘ਤੇ ਕੰਗਣਾ ਅਤੇ ਰੰਗੋਲੀ ਖਿਲਾਫ ਐਫਆਈਆਰ ਦਰਜ ਕੀਤੀ ਸੀ।
ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨੇ ਬਾਲੀਵੁੱਡ ਦੇ ਕਿਰਦਾਰ ਨਿਰਦੇਸ਼ਕ ਮੁਨਵਰ ਅਲੀ ਸਯਦ ਦੀ ਸ਼ਿਕਾਇਤ 'ਤੇ ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।
ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਰਣੌਤ ਨੇ "ਬਹੁਤ ਹੀ ਇਤਰਾਜ਼ਯੋਗ" ਟਿੱਪਣੀਆਂ ਕੀਤੀਆਂ ਜਿਸ ਨਾਲ ਨਾ ਸਿਰਫ ਸ਼ਿਕਾਇਤਕਰਤਾ, ਬਲਕਿ ਕਈ ਕਲਾਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਰਨੌਤ ਫਿਰਕਾਪ੍ਰਸਤੀ ਦੇ ਅਧਾਰ 'ਤੇ ਕਲਾਕਾਰਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।
ਸੱਯਦ ਨੇ ਕਿਹਾ, "ਉਨ੍ਹਾਂ ਦੀ ਭੈਣ ਨੇ ਦੋਹਾਂ ਧਾਰਮਿਕ ਸਮੂਹਾਂ ਵਿਚਾਲੇ ਫਿਰਕੂ ਤਣਾਅ ਫੈਲਾਉਣ ਲਈ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ।" ਮੈਟਰੋਪੋਲੀਟਨ ਮੈਜਿਸਟਰੇਟ ਜੈਦੇਵ ਵਾਈ ਘੁਲੇ ਨੇ ਸ਼ੁੱਕਰਵਾਰ ਨੂੰ ਦਿੱਤੇ ਆਦੇਸ਼ ਵਿੱਚ ਕਿਹਾ ਕਿ ਮੁਲਜ਼ਮ ਨੇ ਪਹਿਲਾਂ ਇੱਕ "ਗੰਭੀਰ ਜੁਰਮ" ਕੀਤਾ ਹੈ।