ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਕਈ ਮੌਕਿਆਂ 'ਤੇ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੇ ਸਮਰਥਨ 'ਚ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਹੁਣ ਅਦਾਕਾਰਾ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਬਾਰੇ ਗੱਲ ਰੱਖੀ ਹੈ।

ਪੰਜਾਬ 'ਚ ਇਸ ਘਟਨਾ ਤੋਂ ਕੰਗਨਾ ਰਣੌਤ ਕਾਫੀ ਗੁੱਸੇ 'ਚ ਆ ਗਈ ਤੇ ਉਸ ਨੇ ਇਸ ਨੂੰ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਕੰਗਨਾ ਰਣੌਤ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਵਧ ਰਹੀਆਂ ਹਨ, ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਦੇਸ਼ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
 
ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਪੀਐਮ ਮੋਦੀ ਦੀ ਰੈਲੀ ਹੋਣ ਵਾਲੀ ਸੀ। ਪ੍ਰਧਾਨ ਮੰਤਰੀ ਰੈਲੀ ਵਾਲੀ ਥਾਂ 'ਤੇ ਨਹੀਂ ਪਹੁੰਚ ਸਕੇ। ਹਾਲਾਂਕਿ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਹੈਲੀਕਾਪਟਰ ਦੀ ਬਜਾਏ ਬਠਿੰਡਾ ਹਵਾਈ ਅੱਡੇ ਤੋਂ ਸੜਕੀ ਰਸਤੇ ਰਵਾਨਾ ਹੋਇਆ ਸੀ। ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ 'ਤੇ ਪਹੁੰਚਣਾ ਸੀ।

ਹਾਲਾਂਕਿ ਕਰੀਬ 30 ਕਿਲੋਮੀਟਰ ਦੂਰ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਫਲਾਈਓਵਰ 'ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਜਾਮ ਲਗਾ ਦਿੱਤਾ ਸੀ। ਜਿਸ ਕਰਕੇ ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ 'ਤੇ ਫਸੇ ਰਹੇ।ਇਹ ਘਟਨਾ ਸੁਰੱਖਿਆ ਵਿਚ ਵੱਡੀ ਕਮੀ ਨੂੰ ਦਰਸਾਉਂਦੀ ਹੈ, ਜੋ ਹੁਣ ਦੇਸ਼ ਭਰ ਵਿਚ ਬਹਿਸ ਦਾ ਮੁੱਦਾ ਬਣ ਗਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਪੂਰੀ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ।

ਅੱਜ ਯਾਨੀ ਵੀਰਵਾਰ ਨੂੰ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ- ਪੰਜਾਬ 'ਚ ਜੋ ਹੋਇਆ ਉਹ ਬਹੁਤ ਸ਼ਰਮਨਾਕ ਹੈ। ਮਾਨਯੋਗ ਪ੍ਰਧਾਨ ਮੰਤਰੀ ਲੋਕਤੰਤਰੀ ਤੌਰ 'ਤੇ ਚੁਣੇ ਗਏ ਨੇਤਾ ਹੈ, ਪ੍ਰਤੀਨਿਧੀ ਹਨ ਅਤੇ 1.4 ਅਰਬ ਲੋਕਾਂ ਦੀ ਆਵਾਜ਼ ਹਨ, ਉਨ੍ਹਾਂ 'ਤੇ ਹਮਲਾ ਹਰ ਭਾਰਤੀ 'ਤੇ ਹਮਲਾ ਹੈ। ਇਹ ਸਾਡੇ ਲੋਕਤੰਤਰ 'ਤੇ ਵੀ ਹਮਲਾ ਹੈ। ਪੰਜਾਬ ਅੱਤਵਾਦੀ ਗਤੀਵਿਧੀਆਂ ਦਾ ਧੁਰਾ ਬਣਦਾ ਜਾ ਰਿਹਾ ਹੈ, ਜੇਕਰ ਇਨ੍ਹਾਂ ਨੂੰ ਹੁਣੇ ਨਾ ਰੋਕਿਆ ਗਿਆ ਤਾਂ ਦੇਸ਼ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।