ਕੰਗਨਾ ਰਣੌਤ ਨੇ ਕਿਸਾਨ ਅੰਦੋਲਨ 'ਤੇ ਕੀਤਾ ਇੱਕ ਹੋਰ ਹਮਲਾ, ਦੁਸ਼ਮਣਾਂ ਨੂੰ ਹਰਾਉਣ ਦਾ ਸੱਦਾ
ਏਬੀਪੀ ਸਾਂਝਾ | 06 Dec 2020 12:58 PM (IST)
ਕੰਗਨਾ ਖਿਲਾਫ ਸਰਕਾਰੀ ਨੋਟਿਸ ਵੀ ਭੇਜੇ ਗਏ ਪਰ ਇਸ ਸਭ ਦੇ ਬਾਵਜੂਦ ਕੰਗਨਾ ਆਪਣੀ ਬਿਆਨਬਾਜ਼ੀ ਬੰਦ ਕਰਨ ਦਾ ਨਾਂ ਨਹੀਂ ਲੈ ਰਹੀ। ਅੰਤਰਰਾਸ਼ਟਰੀ ਪੱਧਰ 'ਤੇ ਕਿਸਾਨ ਅੰਦੋਲਨ ਬਾਰੇ ਖ਼ਬਰਾਂ ਤੇ ਵੀ ਕੰਗਨਾ ਨੇ ਟਵੀਟ ਕੀਤਾ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਗਏ ਟਵੀਟਸ ਕਾਰਨ ਕਾਫੀ ਹੰਗਾਮਾ ਹੋ ਰਿਹਾ ਹੈ। ਜਿੱਥੇ ਪੰਜਾਬੀ ਕਲਾਕਾਰਾਂ ਨੇ ਕੰਗਨਾ ਨੂੰ ਮੂੰਹਤੋੜ ਜਵਾਬ ਦਿੱਤਾ, ਉੱਥੇ ਹੀ ਕੰਗਨਾ ਖਿਲਾਫ ਸਰਕਾਰੀ ਨੋਟਿਸ ਵੀ ਭੇਜੇ ਗਏ ਪਰ ਇਸ ਸਭ ਦੇ ਬਾਵਜੂਦ ਕੰਗਨਾ ਆਪਣੀ ਬਿਆਨਬਾਜ਼ੀ ਬੰਦ ਕਰਨ ਦਾ ਨਾਂ ਨਹੀਂ ਲੈ ਰਹੀ। ਅੰਤਰਰਾਸ਼ਟਰੀ ਪੱਧਰ 'ਤੇ ਕਿਸਾਨ ਅੰਦੋਲਨ ਬਾਰੇ ਖ਼ਬਰਾਂ ਤੇ ਵੀ ਕੰਗਨਾ ਨੇ ਟਵੀਟ ਕੀਤਾ ਹੈ। ਦਰਅਸਲ, ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਇੱਕ ਜਾਅਲੀ ਸਕਰੀਨ ਸ਼ਾਟ ਫੇਸਬੁੱਕ ਉੱਤੇ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਹ ਭਾਰਤ ਸਰਕਾਰ ਦੀ ਅਲੋਚਨਾ ਕਰਦਿਆਂ ਕਿਸਾਨਾਂ ਦਾ ਸਮਰਥਨ ਕਰਦੀ ਦਿਖਾਈ ਦੇ ਰਹੀ ਹੈ ਪਰ ਫੇਸਬੁੱਕ ਨੇ ਇਸ ਨੂੰ ਜਾਅਲੀ ਤੇ ਫੇਕ ਦੱਸਿਆ ਗਿਆ ਹੈ। ਇਨ੍ਹਾਂ ਗੁੰਮਰਾਹਕੁੰਨ ਖ਼ਬਰਾਂ 'ਤੇ ਚੁਟਕੀ ਲੈਂਦਿਆਂ ਕੰਗਨਾ ਰਣੌਤ ਨੇ ਵੀ ਟਵੀਟ ਕੀਤਾ ਹੈ। ਕੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ, "ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਕੇ ਅੰਤਰਰਾਸ਼ਟਰੀ ਪੱਧਰ‘ ਤੇ ਭਾਰਤ ਦੀ ਸਾਖ ਨੂੰ ਖਤਮ ਕਰਨ ਦਾ ਏਜੰਡਾ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ, ਹਰ ਕੁਝ ਮਹੀਨਿਆਂ ਵਿੱਚ ਦੰਗੇ, ਹਮਲੇ ਤੇ ਵਿਰੋਧ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਅਜਿਹੇ ਢੰਗ ਭਾਰਤ ਨੂੰ ਤਰੱਕੀ ਨਹੀਂ ਦੇ ਸਕਦੇ ਜੇਕਰ ਇਹ ਜ਼ਮੀਨ ਤੇ ਨਾਗਰਿਕਤਾ ਗੁਆਉਣ ਦੀਆਂ ਨਕਲੀ ਅਫਵਾਹਾਂ ਦਾ ਜਵਾਬ ਦਿੰਦਾ ਹੈ।" ਕੰਗਨਾ ਨੇ ਇਕ ਹੋਰ ਪੋਸਟ ਵਿੱਚ ਲਿਖਿਆ ਹੈ, "ਪਿਆਰੇ ਭਾਰਤ, ਉਨ੍ਹਾਂ ਨੂੰ ਜਿੱਤਣ ਨਾ ਦਿਓ ਜੋ ਸਾਨੂੰ ਹਰਾਉਣਾ ਚਾਹੁੰਦੇ ਹਨ, ਇਸ ਕੌਮ ਦੇ ਹੋਰ ਟੁਕੜਿਆਂ ਦੇ ਨਾਲ ਕੁਝ ਲੋਕਾਂ ਨੂੰ ਫਾਇਦਾ ਹੋਵੇਗਾ, ਪਰ ਸਾਡੇ ਵਿੱਚੋਂ ਹਰ ਇੱਕ ਨੂੰ ਨੁਕਸਾਨ ਹੋਵੇਗਾ... ਇਕੱਠੇ ਹੋਵੋ ਤੇ ਆਪਣੇ ਦੁਸ਼ਮਣਾਂ ਨੂੰ ਪਛਾਣੋ... ਉਨ੍ਹਾਂ ਨੂੰ ਜਿੱਤਣ ਨਾ ਦਿਓ।" ਦੱਸ ਦੇਈਏ ਕਿ ਕੰਗਨਾ ਲਗਾਤਾਰ ਆਪਣੇ ਟਵੀਟ ਲਈ ਆਲੋਚਕਾਂ ਦੇ ਨਿਸ਼ਾਨੇ ‘ਤੇ ਹੈ। ਹਾਲ ਹੀ ਵਿੱਚ, ਬਾਲੀਵੁੱਡ ਸਿਤਾਰਿਆਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਉਨ੍ਹਾਂ ਦੇ ਟਵੀਟ ਉੱਤੇ ਇਤਰਾਜ਼ ਜਤਾਇਆ ਸੀ। ਦਿਲਜੀਤ ਦੁਸਾਂਝ ਨਾਲ ਉਸ ਦੀ ਜ਼ਬਾਨੀ ਜੰਗ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦੋਂ ਵਿਵਾਦ ਵਧਿਆ ਤਾਂ ਕੰਗਨਾ ਨੂੰ ਆਪਣਾ ਇੱਕ ਟਵੀਟ ਮਿਟਾਉਣਾ ਵੀ ਪਿਆ।