ਮੁੰਬਈ: ਅਦਾਕਾਰਾ ਕੰਗਨਾ ਰਣੌਤ ਦਾ ਦਫ਼ਤਰ ਬੀਐਮਸੀ ਵੱਲੋਂ ਢਾਹੁਣ ਦੇ ਮਾਮਲੇ 'ਚ ਬੰਬੇ ਹਾਈਕੋਰਟ ਨੇ ਅੱਜ ਸੁਣਵਾਈ ਕੀਤੀ। ਬੁੱਧਵਾਰ ਨੂੰ ਹਾਈਕੋਰਟ ਨੇ ਪੁੱਛਿਆ ਸੀ ਕਿ BMC ਦੇ ਅਧਿਕਾਰੀ ਇਸ ਸੰਪਤੀ ਦੇ ਅੰਦਰ ਕਿਉਂ ਗਏ ਜਦੋਂ ਇਸ ਦਾ ਮਾਲਕ ਉੱਥੇ ਮੌਜੂਦ ਨਹੀਂ ਸੀ। ਅੱਜ BMC ਨੇ ਅਜਿਹੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਾਇਰ ਕੀਤੇ ਹਨ।
ਬੀਐਮਸੀ ਨੇ ਆਪਣੇ ਹਲਫਨਾਮੇ ਵਿੱਚ ਕਾਰਵਾਈ ਨੂੰ ਸਹੀ ਦੱਸਿਆ ਤੇ ਕਿਹਾ ਕਿ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ ਸੀ। ਨਿਯਮਾਂ ਤਹਿਤ ਕਾਰਵਾਈ ਕੀਤੀ ਗਈ ਸੀ। ਅਦਾਲਤ ਨੂੰ ਨਾਜਾਇਜ਼ ਉਸਾਰੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਸੁਣਵਾਈ ਟਲ ਗਈ
ਹਲਫਨਾਮਾ ਦਾਖਲ ਹੋਣ ਤੋਂ ਬਾਅਦ ਕੰਗਨਾ ਦੇ ਵਕੀਲ ਬਹਿਸ ਕਰਨ ਲੱਗੇ ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਕੰਗਨਾ ਦੇ ਵਕੀਲ ਨੂੰ ਬੀਐਮਸੀ ਦੇ ਹਲਫਨਾਮੇ ‘ਤੇ 14 ਸਤੰਬਰ ਤੱਕ ਜਵਾਬ ਦਾਇਰ ਕਰਨਾ ਚਾਹੀਦਾ ਹੈ। ਜੇ ਉਹ ਨਵੇਂ ਤੱਥ ਰੱਖਣਾ ਚਾਹੁੰਦੇ ਹਨ, ਤਾਂ ਇਹ ਵੀ ਰੱਖ ਸਕਦੇ ਹਨ।ਇਸ ਦੇ ਨਾਲ ਹੀ, BMC ਦੇ ਵਕੀਲ ਨੂੰ 18 ਸਤੰਬਰ ਤੱਕ BMC ਦਾ ਕੰਗਨਾ ਦੀਆਂ ਦਲੀਲਾਂ 'ਤੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਸੁਣਵਾਈ 22 ਸਤੰਬਰ ਤੱਕ ਮੁਲਤਵੀ ਕਰ ਦਿੱਤੀ।
ਅਦਾਲਤ ਨੇ ਕੰਗਨਾ ਦੇ ਦਫ਼ਤਰ ਨੂੰ ਸਥਿਤੀ ਬਣਾਈ ਰੱਖਣ ਲਈ ਕਿਹਾ। ਬੀਐਮਸੀ ਨੇ ਬੁੱਧਵਾਰ ਨੂੰ ਰਣੌਤ ਦੇ ਦਫਤਰ ਵਿੱਚ ਗੈਰਕਾਨੂੰਨੀ ਤਬਦੀਲੀਆਂ ਨੂੰ ਲੈ ਕੇ ਭੰਨ ਤੋੜ ਸ਼ੁਰੂ ਕੀਤਾ ਸੀ। ਰਣੌਤ ਨੇ ਆਪਣੇ ਵਕੀਲ ਰਿਜਵਾਨ ਸਿੱਦੀਕੀ ਰਾਹੀਂ ਹਾਈ ਕੋਰਟ ਪਹੁੰਚ ਕੀਤੀ ਸੀ। ਰਣੌਤ ਨੇ ਹਾਲ ਹੀ ਵਿੱਚ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ, ਜਿਸ ‘ਤੇ ਸੱਤਾਧਾਰੀ ਸ਼ਿਵ ਸੈਨਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। BMC ਨੂੰ ਸ਼ਿਵ ਸੈਨਾ ਵੱਲੋਂ ਨਿਯੰਤਰਿਤ ਕੀਤਾ ਜਾ ਰਿਹਾ ਹੈ।