ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਆਪਣੀ ਖਾਸ ਦੋਸਤ ਗਿੰਨੀ ਚਤੁਰਥ ਨਾਲ ਵਿਆਹ ਕਰਨ ਵਾਲੇ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਬੀਤੇ ਦਿਨ ਹੀ ਗਿੰਨੀ ਦੇ ਘਰ ਅਖੰਡ ਪਾਠ ਹੋਇਆ ਅਤੇ ਉਸ ਤੋਂ ਬਾਅਦ ਚੂੜੀਆਂ ਦੀ ਰਸਮ ਅਦਾ ਕੀਤੀ ਗਈ। ਹੁਣ ਜਦੋਂ ਵਿਆਹ ਦਾ ਮੌਕਾ ਹੈ ਤਾਂ ਅਜਿਹੇ ‘ਚ ਮਿਠਾਈ ਦੀ ਤਾਂ ਵਧੇਰੇ ਲੋੜ ਹੈ।
ਕਪਿਲ ਅਤੇ ਗਿੰਨੀ ਨੇ ਆਪਣੇ ਵਿਆਹ ਲਈ ਜਲੰਧਰ ਦੀ 60 ਸਾਲ ਪੁਰਾਣੀ ਲਵਲੀ ਸਵੀਟਸ, ਪੰਜਾਬ ਫਾਰ ਸਵੀਟਸ ਤੇ ਲਵਲੀ ਇਮੇਜ਼ੀਨੇਸ਼ਨ ਨੂੰ ਆਪਣੇ ਵਿਆਹ ਦੇ ਕਾਰਡ ਡਿਜ਼ਾਈਨ ਅਤੇ ਮਿਠਾਈ ਬਣਾਉਨ ਲਈ ਚੁਣਿਆ ਹੈ। ਲਵਲੀ ਸਵੀਟਸ ਦੇ ਮਾਲਿਕ ਨਰੇਸ਼ ਮਿਲਤ ਮੁਤਾਬਕ, ‘ਸਾਡੇ ਨਵੇਂ ਕਲੈਕਸ਼ਨ ਨੂੰ ਦੇਖਣ ਲਈ ਗਿੰਨੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਨਾਲ ਆਈ ਸੀ ਅਤੇ ਉਸ ਨੂੰ ਸਾਡੇ ਡਿਜ਼ਾਈਨ ਅਤੇ ਪ੍ਰੈਜ਼ੇਨਟੇਸ਼ਨ ਕਾਫੀ ਵਧੀਆ ਲੱਗੀ।’
ਨਰੇਸ਼ ਮਿਤਲ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ ਕਿ ਗਿੰਨੀ ਅਤੇ ਕਪਿਲ ਪੁਰਾਣੀਆਂ ਰੀਤੀ ਰਿਵਾਜ਼ਾਂ ਅਤੇ ਅੱਜ ਦੇ ਦੌਰ ਦਾ ਬਹਿਤਰੀਨ ਮਿਸ਼ਰਣ ਚਾਹੁੰਦੇ ਹਨ ਅਤੇ ਲਵਲੀ ਸਵੀਟਸ ਦਾ ਕਲੈਕਸ਼ਨ ਉਨ੍ਹਾਂ ਦੀ ਪਸੰਦ ਲਈ ਬਿਲਕੁਲ ਸਹੀ ਹੈ।
ਜੇਕਰ ਦੋਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਵਿਆਹ ਦਾ ਵੈਨਿਊ ਜਲੰਧਰ ਹੈ, ਜਿਸ ਤੋਂ ਬਾਅਦ ਦੋਨਾਂ ਦੇ ਵਿਆਹ ਦੀ ਪਾਰਟੀ 14 ਦਸੰਬਰ ਨੂੰ ਅੰਮ੍ਰਿਤਸਰ ‘ਚ ਅਤੇ ਇਸ ਤੋਂ ਬਾਅਦ ਮੁੰਬਈ ਵਾਲੇ ਦੋਸਤਾਂ ਲਈ ਪਾਰਟੀ 24 ਦਸੰਬਰ ਨੂੰ ਮੁੰਬਈ ‘ਚ ਹੋਣੀ ਹੈ। ਕਪਿਲ ਆਪਣੇ ਵਿਆਹ ਤੋਂ ਤੁਰੰਤ ਬਾਅਦ ਹੀ ਕੰਮ ‘ਤੇ ਵਾਪਸੀ ਵੀ ਕਰ ਲੈਣਗੇ।