ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।ਜਿਸ ਵਿੱਚ ਦੋਵਾਂ 'ਤੇ ਮਹਿਲਾਵਾਂ ਬਾਰੇ ਗ਼ਲਤ ਟਿੱਪਣੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ‘ਤੇ ਮਹਿਲਾ ਕਮਿਸ਼ਨ ਵੱਲੋਂ ਹਰਜੀਤ ਹਰਮਨ ਤੇ ਕਾਰਨ ਔਜਲਾ ਖਿਲਾਫ ਸੰਮਨ ਜਾਰੀ ਹੋਏ ਸੀ ਅਤੇ ਪੇਸ਼ੀ ਲਈ 22 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ।


ਹਰਜੀਤ ਹਰਮਨ ਨੇ ਪਹਿਲਾ ਹੀ ਇਕ ਪੋਸਟ ਜ਼ਰੀਏ ਆਪਣਾ ਪੱਖ ਰੱਖ ਦਿੱਤਾ ਸੀ।ਪਰ ਕਰਨ ਔਜਲਾ ਨੇ ਅੱਜ ਵੀਡੀਓ ਕਾਲ ਰਾਹੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਗੱਲਬਾਤ ਕੀਤੀ।ਉਸਨੇ ਚੇਅਰਪਰਸਨ ਕੋਲ ਆਪਣਾ ਪੱਖ ਰੱਖਿਆ ਤੇ ਯਕੀਨ ਦਿਵਾਇਆ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਖਿਆਲ ਰੱਖਿਆ ਹੈ ਅਤੇ ਅੱਗੇ ਵੀ ਰੱਖਦੇ ਰਹਿਣਗੇ।


ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਹਨਾਂ ਦੇ ਗਾਣਿਆ ਨਾਲ ਕਿਸੇ ਦਾ ਵੀ ਅਕਸ ਨਾ ਖਰਾਬ ਹੋਵੇ।ਕਰਨ ਔਜਲਾ ਨੇ ਕਿਹਾ ਕਿ ਜਦੋਂ ਉਹ ਪੰਜਾਬ ਵਾਪਸ ਆਏ ਤਾਂ ਮਹਿਲਾ ਕਮਿਸ਼ਨ ਨਾਲ ਮੁਲਾਕਾਤ ਕਰਨਗੇ ਤੇ ਉਮੀਦ ਹੈ ਕਿ ਉਹ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਆਪਣੀ ਕਹੀ ਗੱਲ ‘ਤੇ ਅਮਲ ਕਰਨਗੇ।


ਗੀਤ 'ਸ਼ਰਾਬ' ਕਰਨ ਔਜਲਾ ਦੀ ਨਵੀਂ ਐਲਬਮ ਦਾ ਗੀਤ ਹੈ। ਗਾਇਕ ਦੀ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ। ਪਰ 'ਸ਼ਰਾਬ' ਗੀਤ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ। ਜਿਸ ਨੂੰ ਕਰਨ ਔਜਲਾ ਤੇ ਹਰਜੀਤ ਹਰਮਨ ਨੇ ਜ਼ਿੰਮੇਵਾਰੀ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ।