ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਕੋਵਿਡ ਰਿਪੋਰਟ ਨੈਗੇਟਿਵ ਆਉਣ ਬਾਰੇ ਕੈਟਰੀਨਾ ਨੇ ਖੁਦ ਸੋਸ਼ਲ ਮੀਡੀਆ 'ਤੇ ਦੱਸਿਆ। ਉਨ੍ਹਾਂ ਲਿਖਿਆ," ਨੇਗਟਿਵ, ਜਿਨ੍ਹਾਂ ਨੇ ਮੇਰਾ ਧਿਆਨ ਰੱਖਿਆ ਉਨ੍ਹਾਂ ਦਾ ਧੰਨਵਾਦ।" 6 ਅਪ੍ਰੈਲ ਨੂੰ ਕੈਟਰੀਨਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ ਤੇ ਅੱਜ ਕਰੀਬ 12 ਦਿਨ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
ਕੋਰੋਨਾ ਦੀ ਦੂਸਰੀ ਲਹਿਰ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਬੀਤੇ ਦਿਨ੍ਹੀ ਕੋਰੋਨਾ 'ਚ ਜ਼ਰੂਰਤਮੰਦ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਵੀ ਇਸ ਦੇ ਸ਼ਿਕਾਰ ਹੋ ਗਏ। ਮਾਰਚ ਦੇ ਮਹੀਨੇ ਤੋਂ ਬਾਅਦ ਕਈ ਕਲਾਕਾਰਾਂ ਨੂੰ ਕੋਰੋਨਾਵਾਇਰਸ ਹੋ ਗਿਆ ਹੈ।
ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਆਲੀਆ ਭੱਟ, ਗੋਵਿੰਦਾ, ਕਾਰਤਿਕ ਆਰੀਅਨ, ਵਿੱਕੀ ਕੌਸ਼ਲ, ਭੂਮੀ ਪੇਡੇਨੇਕਰ, ਸਿਧਾਂਤ ਚਤੁਰਵੇਦੀ ਤੇ ਮਨੋਜ ਬਾਜਪਾਈ ਤੋਂ ਬਾਅਦ ਹੁਣ ਕੈਟਰੀਨਾ ਕੈਫ ਦਾ ਵੀ ਨਾਂ ਇਸ ਲਿਸਟ 'ਚ ਸ਼ਾਮਲ ਹੋ ਚੁੱਕਾ ਹੈ। ਕੋਰੋਨਾ ਦਾ ਅਸਰ ਫ਼ਿਲਮਾਂ 'ਤੇ ਵੀ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਕਈ ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਨੂੰ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਮੁਲਤਵੀ ਕੀਤਾ ਗਿਆ ਹੈ।
ਕੋਰੋਨਾ ਦੇ ਮਾਮਲਿਆਂ ਵਿੱਚ ਹਰ ਦਿਨ ਪੁਰਾਣਾ ਰਿਕਾਰਡ ਟੁੱਟ ਰਿਹਾ ਹੈ। ਦੇਸ਼ ਵਿੱਚ ਹਰ ਦਿਨ ਕੋਰੋਨਾ ਦੇ ਨਵੇਂ ਮਾਮਲੇ ਰਿਕਾਰਡ ਪੱਧਰ 'ਤੇ ਆ ਰਹੇ ਹਨ ਅਤੇ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ, 261,500 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1501 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 1,38,423 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 234,692 ਨਵੇਂ ਕੇਸ ਆਏ ਸਨ। ਕੋਰੋਨਾ ਦੀ ਪਹਿਲੀ ਲਹਿਰ ਵਿੱਚ 15 ਸਤੰਬਰ ਨੂੰ ਸਭ ਤੋਂ ਵੱਧ 1290 ਮੌਤਾਂ ਹੋਈਆਂ।
ਮਹਾਰਾਸ਼ਟਰ 'ਚ ਕੋਵਿਡ ਦੇ 67,123 ਨਵੇਂ ਕੇਸ:
ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਕੋਵਿਡ -19 ਤੋਂ 67,123 ਨਵੇਂ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਅਤੇ 419 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਨਾਲ ਮੌਤਾਂ ਦੀ ਕੁੱਲ ਗਿਣਤੀ 59,970 ਹੋ ਗਈ। ਰਾਜ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 37,70,707 ਹੋ ਗਈ ਹੈ। ਮੁੰਬਈ ਵਿੱਚ ਸ਼ਨੀਵਾਰ ਨੂੰ 8,811 ਨਵੇਂ ਕੇਸ ਸਾਹਮਣੇ ਆਏ। ਇਕ ਦਿਨ ਪਹਿਲਾਂ 8,803 ਨਵੇਂ ਕੇਸ ਸਾਹਮਣੇ ਆਏ ਸਨ। ਹੁਣ ਤੱਕ ਸ਼ਹਿਰ ਵਿੱਚ 571,018 ਲੋਕ ਸੰਕਰਮਿਤ ਹੋਏ ਹਨ। ਸ਼ਹਿਰ ਵਿੱਚ ਕੋਰੋਨਾ ਹੋਣ ਕਾਰਨ ਹੁਣ ਤੱਕ 12,301 ਲੋਕ ਇਸ ਦੁਨੀਆਂ ਨੂੰ ਛੱਡ ਚੁੱਕੇ ਹਨ।