ਮੁੰਬਈ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਜਲਦੀ ਹੀ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਗੁੱਡ ਨਿਊਜ਼’ ਨਾਲ ਇੱਕ ਵਾਰ ਫੇਰ ਸਕਰੀਨ ‘ਤੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਖਾਸ ਗੱਲ ਹੈ ਕਿ ਫ਼ਿਲਮ ‘ਚ ਪੱਗਵਾਲਾ ਸਰਦਾਰ ਯਾਨੀ ਦਿਲਜੀਤ ਦੋਸਾਂਝ ਵੀ ਸਕਰੀਨ ‘ਤੇ ਨਜ਼ਰ ਆਵੇਗਾ। ਫ਼ਿਲਮ ‘ਚ ਦਿਲਜੀਤ ਦੇ ਔਪੋਜ਼ਿਟ ਕਿਆਰਾ ਅਡਵਾਨੀ ਨੂੰ ਕਾਸਟ ਕੀਤਾ ਗਿਆ ਹੈ।


ਅੱਜ ਸਵੇਰ ਹੀ ਦਿਲਜੀਤ ਤੇ ਧਰਮਾ ਪ੍ਰੋਡਕਸ਼ਨ ਨੇ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਵੀਡੀਓ ਧਰਮਾ ਤੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਸ਼ੇਅਰ ਕੀਤੀ ਹੈ। ਇਸ ‘ਚ ਦਿਲਜੀਤ ਤੇ ਕਿਆਰਾ ਆਪਣੇ ਬਾਕੀ ਟੀਮ ਮੈਂਬਰਾਂ ਖਾਸ ਕਰ ਅਕਸ਼ੈ ਤੇ ਕਰੀਨਾ ਨੂੰ ਕਾਫੀ ਮਿਸ ਕਰ ਰਹੇ ਹਨ।


ਦਿਲਜੀਤ ਇਸ ਤੋਂ ਪਹਿਲਾਂ ਵੀ ਕਰੀਨਾ ਕਪੂਰ ਖ਼ਾਨ ਨਾਲ ਫ਼ਿਲਮ ‘ਉੱਡਦਾ ਪੰਜਾਬ’ ‘ਚ ਸਕਰੀਨ ਸ਼ੇਅਰ ਕਰ ਚੁੱਕੇ ਹਨ। ਜੇਕਰ ‘ਗੁੱਡ ਨਿਊਜ਼’ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ‘ਚ ਦੋ ਵੱਖ-ਵੱਖ ਪੀੜ੍ਹੀਆਂ ਦੇ ਪਿਆਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਕਰੀਨਾ-ਅਕਸ਼ੈ ਇਸ ‘ਚ ਪਤੀ-ਪਤਨੀ ਦੇ ਰੋਲ ‘ਚ ਤੇ ਦਿਲਜੀਤ-ਕਿਆਰਾ ਨਿਊ-ਏਜ਼ ਕੱਪਲ ਦੇ ਅੰਦਾਜ਼ ‘ਚ ਨਜ਼ਰ ਆਉਣਗੇ।