ਸੁਖਬੀਰ-ਰਾਮ ਰਹੀਮ ਦੀ ਬੈਠਕ ਦੇ ਗਵਾਹ ਨੇ ਵੀ SIT ਕੋਲ ਬਿਆਨ ਕਰਵਾਏ ਦਰਜ
ਏਬੀਪੀ ਸਾਂਝਾ | 30 Nov 2018 10:02 AM (IST)
ਪੁਰਾਣੀ ਤਸਵੀਰ
ਫ਼ਰੀਦਕੋਟ: ਬੇਅਦਬੀ ਅਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦੋ ਹੋਰ ਅਹਿਮ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ। ਇਨ੍ਹਾਂ ਵਿੱਚੋਂ ਇੱਕ ਉਹ ਸ਼ਖ਼ਸ ਹੈ ਜੋ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਸੁਖਬੀਰ ਬਾਦਲ ਦੀ ਮੁੰਬਈ ਵਿੱਚ ਮੀਟਿੰਗ ਹੋਣ ਦਾ ਦਾਅਵਾ ਕਰਦਾ ਹੈ। ਵੀਰਵਾਰ ਨੂੰ ਫ਼ਰੀਦਕੋਟ ਦੇ ਕੈਂਪ ਆਫ਼ਿਸ ਵਿੱਚ ਐਸਆਈਟੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੇ ਬਿਆਨ ਕਲਮਬੱਧ ਕੀਤੇ ਹਨ। ਜਲਾਲ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਕੋਲ ਅਕਸ਼ੈ ਕੁਮਾਰ ਦੀ ਰਿਹਾਇਸ਼ 'ਤੇ ਸੁਖਬੀਰ ਬਾਦਲ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੁਲਾਕਾਤ ਦੇ ਠੋਸ ਸਬੂਤ ਮੌਜੂਦ ਹਨ। ਹਾਲਾਂਕਿ, ਪਿਛਲੇ ਦਿਨੀਂ ਐਸਆਈਟੀ ਨੇ ਬਾਦਲਾਂ ਅਤੇ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਰਾਮ ਰਹੀਮ ਨਾਲ ਮੁਲਾਕਾਤ ਕੀਤੇ ਜਾਣ ਤੋਂ ਇਨਕਾਰ ਕੀਤਾ ਸੀ। ਹਰਬੰਸ ਜਲਾਲ ਲੰਮੇ ਸਮੇਂ ਤੋਂ ਗੋਲ਼ੀਕਾਂਡਾਂ ਪਿੱਛੇ ਸੁਖਬੀਰ ਬਾਦਲ ਸਮੇਤ ਹੋਰਨਾਂ ਅਕਾਲੀ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿੱਚ ਵੀ ਉਨ੍ਹਾਂ ਦਾ ਨਾਂਅ ਆਇਆ ਸੀ ਅਤੇ ਹੁਣ ਕਮਿਸ਼ਨ ਉਹ ਐਸਆਈਟੀ ਸਨਮੁਖ ਆਪਣੇ ਬਿਆਨ ਵੀ ਦਰਜ ਕਰਵਾ ਚੁੱਕੇ ਹਨ।