ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਤਿੰਨ ਮਹੀਨੇ ਦਾ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਸੰਨੀ ਹਿੰਦੁਸਤਾਨੀ 'ਇੰਡੀਅਨ ਆਈਡਲ 11' ਦੀ ਟ੍ਰਾਫੀ ਜਿੱਤਣ ਦਾ ਆਪਣਾ ਖ਼ੁਆਬ ਪੂਰਾ ਕਰ ਗਿਆ ਹੈ। ਸੰਨੀ ਪੰਜਾਬ ਦੇ ਬਠਿੰਡਾ ਤੋਂ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਹੈ। ਉਸ ਦਾ ਹੁਣ ਤਕ ਦਾ ਸਫਰ ਆਸਾਨ ਨਹੀਂ ਸੀ ਪਰ ਉਸ ਦੇ ਸੁਰਾਂ ਦੀ ਤਾਜ਼ਗੀ ਤੇ ਸੰਗੀਤ ਲਈ ਉਸ ਦੀ ਦੀਵਾਨਗੀ ਨੇ ਉਸ ਨੂੰ ਇਹ ਖਿਤਾਬ ਜਿੱਤਣ ਲਈ ਮਜ਼ਬੂਰ ਕੀਤਾ।

ਇਸ ਸ਼ੋਅ ਨੂੰ ਜਿੱਤਜ਼ ਤੋਂ ਬਾਅਦ ਸੰਨੀ ਨੇ ਆਪਣੀ ਮਾਂ ਦੇ ਚਿਹਰੇ 'ਤੇ ਮੁਸਕਾਨ ਆਉਣ ਦੀ ਗੱਲ ਕੀਤੀ। ਆਪਣੀ ਜ਼ਿੰਦਗੀ ਬਦਲਣ ਲਈ ਉਸ ਨੇ ਇੰਡੀਅਨ ਆਈਡਲ ਸ਼ੋਅ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਸੰਨੀ ਨੇ ਕਾਫੀ ਛੋਟੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਇੰਨਾ ਹੀ ਨਹੀਂ ਮਾਂ ਦੀ ਮਦਦ ਲਈ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਨੇ ਕੁਝ ਸਮਾਂ ਜੁੱਤੇ ਵੀ ਪਾਲਿਸ਼ ਕੀਤੇ। 21 ਸਾਲ ਦੇ ਸੰਨੀ ਨੇ ਛੇਵੀਂ ਕਲਾਸ ਤਕ ਹੀ ਪੜ੍ਹਾਈ ਕੀਤੀ।



ਇੱਕ ਇੰਟਰਵਿਊ 'ਚ ਸੰਨੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਸ ਨੇ ਕੁਝ ਸਮਾਂ ਪੈਸਿਆਂ ਦੀ ਕਮੀ ਕਰਕੇ ਜੁੱਤੇ ਪਾਲਿਸ਼ ਕੀਤੇ। ਸੰਨੀ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਦਾ ਮੌਤ ਹੋਈ ਤਾਂ ਉਸ ਸਮੇਂ ਉਨ੍ਹਾਂ ਸਿਰ ਕਾਫੀ ਕਰਜ਼ਾ ਸੀ। ਪਿਤਾ ਦੀ ਮੌਜ਼ੂਦਗੀ 'ਚ ਦੋ ਭੈਣਾਂ ਦਾ ਵਿਆਹ ਕਰਜ਼ਾ ਲੈ ਕੇ ਕੀਤਾ ਸੀ। ਇਸ ਤੋਂ ਬਾਅਦ ਪਿਓ ਦੀ ਮੌਤ ਹੋ ਗਈ ਤੇ ਸੰਨੀ ਨੇ ਆਪਣੀ ਮਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਹੁਣ ਉਹ ਇਹ ਕੰਮ ਨਹੀਂ ਕਰੇਗਾ ਤੇ ਇੰਡੀਅਨ ਆਈਡਲ ਦੀ ਤਿਆਰੀ 'ਚ ਲੱਗ ਗਿਆ। ਸੰਨੀ ਦੇ ਦੱਸਿਆ ਕਿ ਉਸ ਦੇ ਪਿਤਾ ਜੀ ਘਰ 'ਚ ਮਨੋਰਜੰਨ ਪੱਖੋਂ ਗਾਣਾ ਗਾਉਂਦੇ ਸੀ ਜਿਨ੍ਹਾਂ ਨੂੰ ਵੇਖ ਸੰਨੀ ਨੇ ਗਾਣਾ ਸ਼ੁਰੂ ਕੀਤੀ। ਸੰਨੀ ਨੇ ਦੱਸਿਆ ਕਿ ਉਹ ਨੁਸਰਤ ਫਤਿਹ ਅਲੀ ਖ਼ਾਨ ਦੇ ਗਾਣੇ ਸੁਣਦਾ ਸੀ ਤੇ ਕਿਸੇ ਦਰਗਾਹ 'ਤੇ ਜਾਂਦਾ ਸੀ। ਉਸ ਨੇ ਨੁਸਰਤ ਸਾਹਿਬ ਨੂੰ ਸੁਣ ਸੁਣ ਕੇ ਹੀ ਗਾਣਾ ਸਿੱਖਿਆ। ਉਸ ਨੇ ਦੱਸਿਆ ਕਿ ਗਾਉਣ ਤੋਂ ਮਿਲੀ ਉਸ ਦੀ ਪਹਿਲੀ ਕਮਾਈ 1500 ਰੁਪਏ ਸੀ।



ਹੁਣ ਇੰਡੀਅਨ ਆਈਡਲ ਜਿੱਤਣ 'ਤੇ ਉਸ ਨੂੰ ਟਰਾਫੀ ਦੇ ਨਾਲ 25 ਲੱਖ ਰੁਪਏ ਇਨਾਮ ਮਿਲੀਆ ਹੈ। ਇਸ ਦੇ ਨਾਲ ਹੀ ਗਾਉਣ ਦਾ ਕਾਨਟ੍ਰੈਕਟ ਵੀ ਉਸ ਕੋਲ ਹੈ। ਸੰਨੀ ਦੀ ਆਵਾਜ਼ ਦਾ ਜਾਦੂ ਬਾਲੀਵੁੱਡ ਦੇ ਕਈ ਸਿਤਾਰਿਆਂ 'ਤੇ ਚੜ੍ਹਿਆ ਹੈ ਜਿਸ ਕਰਕੇ ਕਈ ਸਿਤਾਰੇ ਉਸ ਦੇ ਫੈਨ ਬਣ ਗਏ ਹਨ।