ਮੁੰਬਈ: ਬਾਲੀਵੁੱਡ ਦੇ ਸ਼ੋਅਮੈਨ, ਲੀਜੈਂਡ ਅਤੇ ਡਾਇਰੈਕਟਰ ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਰਾਜ ਕਪੂਰ ਦੀ 87 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਰਣਧੀਰ ਕਪੂਰ ਨੇ ਆਪਣੀ ਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ 5 ਵਜੇ ਉਨ੍ਹਾਂ ਦੀ ਮੌਤ ਹੋ ਗਈ। ਵਧਦੀ ਉਮਰ ਅਤੇ ਬੁਢਾਪੇ ਕਰਕੇ ਵੀ ਉਹ ਬਿਮਾਰੀਆ ਨਾਲ ਜੂਝ ਰਹੇ ਸੀ। ਆਪਣੀ ਮਾਂ ਦੀ ਮੌਤ ‘ਤੇ ਰਣਧੀਰ ਨੇ ਕਿਹਾ, ‘ਉਨ੍ਹਾਂ ਦੀ ਮੌਤ ਨਾਲ ਡੂੰਘੇ ਸਦਮੇ ‘ਚ ਹਾਂ’। ਕਪੂਰ ਖਾਨਦਾਨ ‘ਚੋਂ ਇਹ ਖ਼ਬਰ ਆਉਣ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ।
ਰਾਜ ਕਪੂਰ ਨੇ 1946 ‘ਚ ਕ੍ਰਿਸ਼ਨਾ ਮਲਹੋਤਰਾ ਦੇ ਨਾਲ ਵਿਆਹ ਕੀਤਾ ਸੀ। ਜਿਨ੍ਹਾਂ ਦੇ ਤਿੰਨ ਤਿੰਨ ਬੇਟੇ ਰਣਧੀਰ, ਰਿਸ਼ੀ ਅਤੇ ਰਾਜੀਵ ਹਨ ਅਤੇ ਦੋ ਧੀਆਂ ਰਿਤੂ ਅਤੇ ਰੀਮਾ ਹਨ। ਰਿਸ਼ੀ ਕਪੂਰ ਦੀ ਧੀ ਰਿਧਿਮਾ ਕਪੂਰ ਨੇ ਆਪਣੀ ਦਾਦੀ ਕ੍ਰਿਸ਼ਨਾ ਕਪੂਰ ਨੂੰ ਯਾਦ ਕਰਦੇ ਹੋਏ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਨੂੰ ਕੈਪਸ਼ਨ ਦਿੱਤੀ ਹੈ, ‘ਮੈਂ ਤੁਹਾਨੂੰ ਬੇੱਹਦ ਪਿਆਰ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦਵੇ ਦਾਦੀ’। ਇਸ ਦੇ ਨਾਲ ਹੀ ਬਾਲੀਵੁੱਡ ਸਟਾਰਸ ਨੇ ਵੀ ਕ੍ਰਿਸ਼ਨਾ ਕਪੂਰ ਦੀ ਮੌਤ ‘ਤੇ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।