ਚੰਡੀਗੜ੍ਹ: ਪਿਛਲੇ ਦਿਨੀਂ ਭਾਰੀ ਬਾਰਿਸ਼ ਫ਼ਸਲਾਂ ਤਬਾਹ ਕਰ ਦਿੱਤੀਆਂ ਤੇ ਹੁਣ ਪਹਾੜਾਂ ਤੋਂ ਆ ਰਹੇ ਪਾਣੀ ਨੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਾ ਦਿੱਤਾ ਹੈ। ਫ਼ਾਜ਼ਿਲਕਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ 'ਤੇ ਵਸੇ ਪਿੰਡਾਂ ਨੂੰ ਇਸ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ। ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡਾਂ ਦੀਆਂ ਕਈ ਢਾਣੀਆਂ ਤੇ ਸੈਂਕਡ਼ੇ ਏਕਡ਼ ਫ਼ਸਲ ਪਾਣੀ ਦੀ ਮਾਰ ਹੇਠ ਹੈ। ਇੱਥੇ ਵੱਸਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 4-5 ਦਿਨਾਂ ਤੋਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਦਿੱਕਤ ਆ ਰਹੀ ਹੈ।

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਤਲੁਜ ਵਿਚਲੇ ਪਾਣੀ ਨੇ ਕਈ ਪਿੰਡਾਂ ਨੂੰ ਘੇਰ ਲਿਆ ਹੈ। ਢਾਣੀ ਸੱਦਾ ਸਿੰਘ ਦੇ ਨਾਲ ਲੱਗਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਡੁੱਬ ਗਈ ਹੈ। ਦਰਿਆ ਦੇ ਪਾਣੀ ਨਾਲ ਇਸ ਸਮੇਂ ਦਰਜਨਾਂ ਪਿੰਡਾਂ ’ਤੇ ਅਸਰ ਪੈ ਰਿਹਾ ਹੈ। ਜੇ ਹਰੀਕੇ ਹੈੱਡ ਤੋਂ ਹੋਰ ਪਾਣੀ ਛੱਡਿਆ ਗਿਆ ਤਾਂ ਉਨ੍ਹਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਏਗਾ ਤੇ ਫ਼ਸਲਾਂ ਵੀ ਬਰਬਾਦ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਸਤਲੁਜ ਦਰਿਆ ਦੇ ਇਕ ਪਾਸੇ ਦਾ ਬੰਨ੍ਹ ਨਾ ਹੋਣਾ ਹੈ, ਜਿਸ ਕਾਰਨ ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਤਲੁਜ ਦੇ ਪਾਣੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬੰਨ ਮਨਜ਼ੂਰ ਹੋ ਚੁੱਕਿਆ ਹੈ, ਪਰ ਇਸ ਦਾ ਨਿਰਮਾਣ ਨਹੀਂ ਕਰਵਾਇਆ ਜਾ ਰਿਹਾ। ਹੁਣ ਤਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਸਤਲੁਜ ਦਰਿਆ ਦਾ ਪਾਣੀ ਢਾਣੀ ਸੱਦਾ ਸਿੰਘ ਦੀ ਲਿੰਕ ਰੋਡ ਤੱਕ ਪੁੱਜ ਚੁੱਕਿਆ ਹੈ, ਜਿਸ ਨਾਲ ਸਕੂਲੀ ਬੱਚਿਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਪਿੰਡਾਂ ਵਿੱਚ ਪਾਣੀ ਨਾਲ ਬਿਮਾਰੀਆਂ ਫ਼ੇਲ ਜਾਂਦੀਆ ਹਨ ਤੇ ਇੱਥੇ ਕੋਈ ਡਾਕਟਰ ਵੀ ਨਹੀ ਪੁੱਜਦਾ।

ਉੱਧਰ ਸਤਲੁਜ ਦਰਿਆ ਦੇ ਕਾਂਵਾਵਾਲੀ ਪੁਲ 'ਤੇ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਹਰੀਕੇ ਹੈੱਡ ਤੋਂ ਬੀਤੇ ਦਿਨੀਂ 15 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ ਸੀ, ਜੋ ਇਸ ਇਲਾਕੇ ਵਿਚ ਪੁੱਜ ਗਿਆ ਹੈ। ਇਸ ਕਰਕੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਪਰ ਹੁਣ ਪਾਣੀ ਘਟਿਆ ਹੈ ਜਿਸ ਨਾਲ ਸਥਿਤੀ ਕੰਟਰੋਲ ਹੇਠ ਹੈ। ਇਸ ਸਬੰਧੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਕੁਦਰਤੀ ਆਫ਼ਤ ਆਈ ਹੈ, ਸਰਕਾਰ ਵੱਲੋਂ ਇਸ ਨੁਕਸਾਨ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ, ਜੋ ਗਿਰਦਾਵਰੀਆਂ ਕਰਵਾ ਕੇ ਉਨ੍ਹਾਂ ਨੂੰ ਰਿਪੋਰਟ ਦੇਣਗੇ ਤੇ ਇਸਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।