ਚੰਡੀਗੜ੍ਹ: ਡੀਜੀਪੀ ਸੁਰੇਸ਼ ਅਰੋੜਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ’ਤੇ ਜ਼ਬਰਦਸਤ ਹਮਲਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ ਹੈ। ਦਰਅਸਲ ਡੀਜੀਪੀ ਅਰੋੜਾ ਤੇ ਸਿੱਧੂ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਅੱਜ ਕਿਸੇ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸਨ। ਇਸ ਦੌਰਾਨ ਸਿੱਧੂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਧ੍ਰਿਤਰਾਸ਼ਟਰ ਦੱਸਿਆ।
ਸਿੱਧੂ ਨੇ ਕਿਹਾ ਕਿ ਢੀਂਡਸਾ ਵਰਗੇ ਦਿੱਗਜ ਲੀਡਰ ਪਾਰਟੀ ਛੱਡ ਰਹੇ ਹਨ। ਪਾਰਟੀ ਲਈ ਵੱਡੇ ਦਿੱਗਜਾਂ ਨੇ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਫੇਰੂਮਾਨ ਤੇ ਹੋਰ ਮਹਾਨ ਸ਼ਖ਼ਸੀਅਤਾਂ ਸ਼ਾਮਲ ਹਨ ਪਰ ਬਾਦਲਾਂ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਬਣਾ ਛੱਡਿਆ ਹੈ। ਉਨ੍ਹਾਂ ਕਿਹਾ ਕਿ ਜੇ ਪੁਰਾਣੇ ਦਿੱਗਜਾਂ ਨੂੰ ਪੁੱਛਿਆ ਜਾਏ ਤੁਹਾਡੇ ਝੋਲਿਆਂ ਵਿੱਚ ਕੀ ਹੈ, ਤਾਂ ਉਹ ਝੋਲ਼ੇ ਖਾਲੀ ਕਰਕੇ ਦਿਖਾ ਦਿੰਦੇ ਪਰ ਬਾਦਲਾਂ ਨੇ ਆਪਣੇ ਘਰ ਭਰ ਲਏ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਨੇ ਵੀ ਬਿਆਨ ਦਿੱਤਾ ਹੈ ਕਿ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਸਿੱਧੂ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਨਾਲ ਜੁੜਦਾ ਹੈ ਜਦਕਿ ਧਰਮਵੀਰ ਗਾਂਧੀ ਵੱਲੋਂ ਚੂਰਾ ਪੋਸਤ ਦੀ ਖੇਤੀ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਚੰਗਾ ਉਪਰਾਲਾ ਹੈ। ਇਸ ਦੇ ਇਲਾਵਾ ਸਿੱਧੂ ਨੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਤੇ GST ਸਬੰਧੀ ਮੋਦੀ ਸਰਕਾਰ ਨੂੰ ਵੀ ਕੋਸਿਆ।
ਉੱਧਰ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਬਣੀ ਹੋਈ ਹੈ। ਜਲੰਧਰ ਧਮਾਕੇ ਬਾਰੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜੇ ਤਕ ਕੋਈ ਸੁਰਾਗ ਹੱਥ ਨਹੀਂ ਲੱਗਾ। ਅਕਾਲੀਦਲ ਵੱਲੋਂ ਪੁਲਿਸ ’ਤੇ ਲਾਏ ਗਏ ਸਵਾਲਾਂ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ।