ਚੰਡੀਗੜ੍ਹ: ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਪ੍ਰਚੰਡ ਰੂਪ ਧਾਰਦੀ ਦਿੱਸ ਰਹੀ ਹੈ। ਅੱਜ ਸਵੇਰ ਤੋਂ ਹੀ ਚਰਚਾ ਹੈ ਕਿ ਮਾਝੇ ਦੇ ਤਿੰਨ ਟਕਸਾਲੀ ਲੀਡਰ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ਇਨ੍ਹਾਂ ਵਿੱਚ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਸ਼ਾਮਲ ਹਨ।   ਇਨ੍ਹਾਂ ਲੀਡਰਾਂ ਨੇ ਅੱਜ ਸ਼ਾਮ ਸਾਢੇ ਚਾਰ ਵਜੇ ਪ੍ਰੈੱਸ ਕਾਨਫਰੰਸ ਸੱਦੀ ਹੈ। ਬੇਸ਼ੱਕ ਪ੍ਰੈੱਸ ਕਾਨਫਰੰਸ ਦੇ ਵਿਸ਼ੇ ਬਾਰੇ ਸਪਸ਼ਟ ਨਹੀਂ ਕੀਤਾ ਪਰ ਮੀਡੀਆ ਵਿੱਚ ਚਰਚਾ ਹੈ ਕਿ ਇਹ ਲੀਡਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਮੋਰਚਾ ਖੋਲ੍ਹ ਸਕਦੇ ਹਨ। ਸੂਤਰਾਂ ਅਨੁਸਾਰ ਬੇਅਦਬੀ ਕਾਂਡ ਮਾਮਲੇ ਵਿੱਚ ਘਿਰਨ ਮਗਰੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਨਿਰਾਸ਼ ਹਨ। ਬਹੁਤੇ ਲੀਡਰ ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਟਕਸਾਲੀ ਲੀਡਰ ਤੋਤਾ ਸਿੰਘ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵਿਧਾਨ ਸਭਾ 'ਚ ਬਹਿਸ ਦੇ ਬਾਈਕਾਟ ਬਾਰੇ ਸੁਖਬੀਰ ਬਾਦਲ ਦੇ ਫੈਸਲੇ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਸੀ। ਸੀਨੀਅਰ ਲੀਡਰਸ਼ਿਪ ਇਹ ਵੀ ਮਹਿਸੂਸ ਕਰਦੀ ਹੈ ਕਿ ਸਿੱਖਾਂ ਦਾ ਰੋਸ ਅਕਾਲੀ ਦਲ ਦੀ ਬਜਾਏ ਬਾਦਲ ਪਰਿਵਾਰ ਪ੍ਰਤੀ ਹੈ ਪਰ ਨੁਕਸਾਨ ਪਾਰਟੀ ਦਾ ਹੋ ਰਿਹਾ ਹੈ।