ਚੰਡੀਗੜ੍ਹ: ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਬੇਸ਼ੱਕ ਢੀਂਡਸਾ ਨੇ ਸਿਹਤ ਤੇ ਉਮਰ ਦਾ ਹਵਾਲਾ ਦੇ ਕੇ ਪਾਰਟੀ ਤੋਂ ਕਿਨਾਰਾ ਕੀਤਾ ਹੈ ਪਰ ਇਸ ਘਟਨਾਕ੍ਰਮ ਨੇ ਪਾਰਟੀ ਦੇ ਅੰਦਰ ਤੇ ਬਾਹਰ ਨਵੀਂ ਚਰਚਾ ਛੇੜ ਦਿੱਤੀ ਹੈ। ਢੀਂਡਸਾ ਦੇ ਅਸਤੀਫੇ ਨੂੰ ਸੁਖਬੀਰ ਬਾਦਲ ਦੀ ਅਗਵਾਈ ਤੇ ਦਲ 'ਤੇ ਸਿਰਫ ਬਾਦਲ ਪਰਿਵਾਰ ਦੇ ਕਬਜ਼ੇ ਨੂੰ ਚੁਣੌਤੀ ਵਜੋਂ ਵੀ ਵੇਖਿਆ ਜਾ ਰਿਹਾ ਹੈ।   ਦਰਅਸਲ, ਜਦੋਂ ਤੋਂ ਸੁਖਬੀਰ ਬਾਦਲ ਦੇ ਹੱਥ ਪਾਰਟੀ ਦੀ ਕਮਾਨ ਆਈ ਹੈ, ਉਦੋਂ ਤੋਂ ਹੀ ਢੀਂਡਸਾ ਸਣੇ ਸਾਰੇ ਟਕਸਾਲੀ ਲੀਡਰ ਖੁਦ ਨੂੰ ਨੁੱਕਰੇ ਲੱਗਿਆ ਮਹਿਸੂਸ ਕਰ ਰਹੇ ਹਨ। ਪਾਰਟੀ ਵਿੱਚ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਦੀ ਹੀ ਤੂਤੀ ਬੋਲਦੀ ਹੈ। ਇਸ ਬਾਰੇ ਟਕਸਾਲੀ ਲੀਡਰ ਸਮੇਂ-ਸਮੇਂ 'ਤੇ ਬੋਲਦੇ ਰਹੇ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਹੁਣ ਤਾਂ ਹਾਲਾਤ ਇਹ ਹੋ ਗਏ ਸੀ ਕਿ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਸੀਨੀਅਰ ਲੀਡਰਾਂ ਨੂੰ ਕਹਿ ਦਿੰਦੇ ਹਨ ਕਿ ਸੁਖਬੀਰ ਬਾਦਲ ਕੋਲ ਜਾਓ। ਢੀਂਡਸਾ ਦਾ ਅਸਤੀਫਾ ਇਸ ਲਈ ਵੀ ਸੁਖਬੀਰ ਬਾਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਅਕਾਲੀ ਦਲ ਬੇਅਦਬੀ ਕਾਂਡ ਦੇ ਮਾਮਲੇ 'ਤੇ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਅਕਾਲੀ ਦਲ ਇਸ ਤੋਂ ਉੱਭਰਨ ਲਈ ਹੱਥ-ਪੈਰ ਮਾਰ ਰਿਹਾ ਸੀ ਕਿ ਸੀਨੀਅਰ ਲੀਡਰ ਨੇ ਝਟਕਾ ਦੇ ਦਿੱਤਾ। ਚਰਚਾ ਹੈ ਕਿ ਢੀਂਡਸਾ ਦੇ ਅਸਤੀਫੇ ਮਗਰੋਂ ਹੋਰ ਲੀਡਰ ਵੀ ਅਸਤੀਫਾ ਦੇ ਸਕਦੇ ਹਨ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਗਰੋਂ ਕਈ ਟਕਸਾਲੀ ਲੀਡਰਾਂ ਨੇ ਆਪਣੀ ਹੀ ਲੀਡਰਸ਼ਿਪ ਖਿਲਾਫ ਤਿੱਖੇ ਸਵਾਲ ਉਠਾਏ ਸੀ। ਇਹ ਲੀਡਰ ਅਕਾਲੀ ਦਲ ਦੀ ਮੌਜੂਦਾ ਹਾਲਤ ਤੋਂ ਔਖੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲਦੀ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੀ ਟਕਸਾਲੀ ਲੀਡਰਾਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਸਨ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਰਗਰਮ ਸਿਆਸਤ ਤੋਂ ਹੀ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਸੀ। ਪਾਰਟੀ ਦੀ ਵਾਗਡੋਰ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਦੇ ਹੱਥ ਆ ਗਈ ਸੀ। ਇਸ ਕਰਕੇ ਟਕਸਾਲੀ ਲੀਡਰ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਸਨ। ਟਕਸਾਲੀ ਲੀਡਰ ਇਸ ਗੱਲ਼ੋਂ ਵੀ ਦੁਖੀ ਹਨ ਜਦੋਂ ਕੋਈ ਪੰਥਕ ਸੰਕਟ ਆਉਂਦਾ ਹੈ ਤਾਂ ਉਨ੍ਹਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਉਂਝ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਹ ਵਾਰ-ਵਾਰ ਪੰਥਕ ਮੁੱਦਿਆਂ 'ਤੇ ਸਲਾਹ ਦਿੰਦੇ ਹਨ ਪਰ ਉਨ੍ਹਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ।