ਤਰਨ ਤਾਰਨ: ਸ਼ਹਿਰ ਦੇ ਨੇੜਲੇ ਪਿੰਡ ਅਲਾਦੀਪੁਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਚਲਾ ਰਹੇ ਸੁਰਜੀਤ ਸਿੰਘ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਇੱਕ ਗਾਹਕ ਨਾਲ ਪੈਸਿਆਂ ਦੇ ਲੈਣ-ਦੇਣ ਤੋਂ ਹੋਏ ਝਗੜੇ ਦੌਰਾਨ ਉਸਦੀ ਮੌਤ ਹੋਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਰਜੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦੇ ਹਨ। ਉਸ ਨੇ ਦੱਸਿਆ ਕਿ ਅੱਜ ਉਹ ਤੇ ਉਸ ਦਾ ਪਿਤਾ ਪਿੰਡ ਦੇ ਹੀ ਇੱਕ ਵਿਅਕਤੀ ਕੋਲੋਂ ਉਧਾਰ ਖਰੀਦੇ ਹੋਏ ਸਮਾਨ ਦੇ ਤਕਰੀਬਨ 1500 ਰੁਪਏ ਲੈਣ ਉਸ ਦੇ ਘਰ ਗਏ ਤਾਂ ਅੱਗੋਂ ਉਸ ਨੇ ਗਾਲੀਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਜਿਸ ਦੌਰਾਨ ਸੁਰਜੀਤ ਸਿੰਘ ਦੀ ਮੌਤ ਹੋ ਗਈ।


ਦੂਜੇ ਪਾਸੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪਰਿਵਾਰ ਦੀ ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਗਾਲੀ ਗਲੋਚ ਨਹੀਂ ਕੀਤੀ ਗਈ। ਸੁਰਜੀਤ ਸਿੰਘ ਘਰ ਪੈਸੇ ਲੈਣ ਆਇਆ ਸੀ ਤੇ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਨਾ ਕਿ ਹੱਥੋਪਾਈ ਹੋਣ ਨਾਲ।


ਮੌਕੇ 'ਤੇ ਪਹੁੰਚੇ ਥਾਣਾ ਸਦਰ ਤਰਨ ਤਾਰਨ ਦੇ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੇ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।