ਢੀਂਡਸਾ ਦੇ ਅਸਤੀਫ਼ੇ ਮਗਰੋਂ ਪੁੱਤ ਪਰਮਿੰਦਰ ਅਕਾਲੀ ਦਲ ਨਾਲ ਡਟਿਆ, ਟਕਸਾਲੀ ਲੀਡਰਾਂ ਨੇ ਸੱਦੀ ਪ੍ਰੈੱਸ ਕਾਨਫ਼ਰੰਸ
ਏਬੀਪੀ ਸਾਂਝਾ | 30 Sep 2018 11:26 AM (IST)
ਚੰਡੀਗੜ੍ਹ: ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਅਹੁਦੇਦਾਰੀਆਂ ਛੱਡਣ ਦੇ ਫੈਸਲੇ ਮਗਰੋਂ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਨਾਲ ਡਟਣ ਦਾ ਐਲਾਨ ਕੀਤਾ ਹੈ। ਮੌਜੂਦਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਹਰ ਤਰ੍ਹਾਂ ਨਾਲ ਅਕਾਲੀ ਦਲ ਨਾਲ ਖੜ੍ਹੇ ਹਨ। ਉਧਰ, ਢੀਂਡਸਾ ਵੱਲੋਂ ਮਿਲੇ ਝਟਕੇ ਤੋਂ ਬਾਅਦ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਰੱਖੀ ਹੈ, ਜਿਸ ਦਾ ਵਿਸ਼ਾ ਗੁਪਤ ਹੀ ਰੱਖਿਆ ਗਿਆ ਹੈ। ਪਰਮਿੰਦਰ ਢੀਂਡਸਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸਾਫ਼ ਤੌਰ 'ਤੇ ਦੱਸਿਆ ਹੈ ਕਿ ਉਹ ਆਪਣਾ ਅਸਤੀਫ਼ਾ ਕਿਉਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਹਾਲੇ ਵੀ ਅਕਾਲੀ ਦਲ ਦੇ ਨਾਲ ਹੀ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਉਹ ਰਾਜ ਸਭਾ ਦੇ ਮੈਂਬਰ ਹਨ ਤੇ ਉਹ ਹਾਲੇ ਵੀ ਅਕਾਲੀ ਦਲ ਦਾ ਹਿੱਸਾ ਹੀ ਹਨ। ਸਾਬਕਾ ਵਿੱਤ ਮੰਤਰੀ ਨੇ ਲਿਖਿਆ ਹੈ ਕਿ ਉਹ ਆਪਣੇ ਲੀਡਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਆਪਣੇ ਪਿਤਾ ਦੀ ਸੇਵਮੁਕਤੀ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ। ਪਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇੱਕ ਦਿਨ ਵਿੱਚ ਕਈ ਦਵਾਈਆਂ ਲੈ ਰਹੇ ਹਨ ਤੇ ਉਮਰਦਰਾਜ਼ ਹੋਣ ਕਾਰਨ ਉਨ੍ਹਾਂ ਪਾਰਟੀ ਦੇ ਅਹੁਦਿਆਂ ਤੋਂ ਫਾਰਗ ਹੋਣ ਦਾ ਫੈਸਲਾ ਲਿਆ ਹੈ। ਜ਼ਿਕਰੋਯਗ ਹੈ ਕਿ ਢੀਂਡਸਾ ਉਨ੍ਹਾਂ ਟਕਸਾਲੀ ਲੀਡਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਬੇਅਦਬੀ ਰਿਪੋਰਟ ਦੇ ਵਿਧਾਨ ਸਭਾ ਵਿੱਚ ਪੇਸ਼ ਹੋਣ ਮੌਕੇ ਪਾਰਟੀ ਦੇ ਵਾਕਆਊਟ ਕਰਨ ਦੇ ਫੈਸਲੇ ਖਿਲਾਫ਼ ਸਟੈਂਡ ਲਿਆ ਸੀ। ਜਿੱਥੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਬੇਅਦਬੀ ਤੇ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੋਂ ਬਾਅਦ ਪਾਰਟੀ ਦਾ ਵਿਗੜਿਆ ਅਕਸ ਸੁਧਾਰਨ ਲਈ ਆਪ ਮੈਦਾਨ ਵਿੱਚ ਆ ਗਏ ਸਨ, ਉੱਥੇ ਟਕਸਾਲੀ ਲੀਡਰ ਢੀਂਡਸਾ ਪਾਰਟੀ ਦੀਆਂ ਹਾਲ ਹੀ ਵਿੱਚ ਹੋਈਆਂ ਰੈਲੀਆਂ ਤੋਂ ਦੂਰ ਹੀ ਰਹੇ।