ਸ੍ਰੀ ਮੁਕਤਸਰ ਸਾਹਿਬ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਪਟਿਆਲਾ ਰੈਲੀ ਨੂੰ ਕਾਮਯਾਬ ਕਰਨ ਲਈ ਲਗਾਤਾਰ 5ਵੇਂ ਦਿਨ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਰਹੇ ਹਨ। ਬਾਦਲ ਦੇ ਪਿਛਲੇ ਦਿਨਾਂ ਵਿੱਚ ਕੀਤੇ ਦੌਰਿਆਂ ਦਾ ਅਸਰ ਉਨ੍ਹਾਂ ਦੇ ਪੁਰਾਣੇ ਸਾਥੀ ਤੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀਆਂ ਅਹੁਦੇਦਾਰੀਆਂ ਤਿਆਗ ਕੇ ਬਿਲਕੁਲ ਹੀ ਘਟਾ ਦਿੱਤਾ ਹੈ। ਬਾਦਲ ਨੇ ਢੀਂਡਸਾ ਵੱਲੋਂ ਦਿੱਤੇ ਅਸਤੀਫ਼ੇ ਬਾਰੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ, ਪਰ ਉਹ ਸਾਡੀ ਪਾਰਟੀ ਦੇ ਚੰਗੇ ਤੇ ਸੀਨੀਅਰ ਲੀਡਰ ਹਨ ਤੇ ਉਨ੍ਹਾਂ ਦਾ ਪਾਰਟੀ ਨੂੰ ਬਹੁਤ ਯੋਗਦਾਨ ਹੈ। ਬਾਦਲ ਨੇ ਕਿਹਾ ਕਿ ਮੇਰੇ ਉਨ੍ਹਾਂ ਨਾਲ ਚੰਗੇ ਰਿਸ਼ਤੇ ਹਨ ਤੇ ਉਨ੍ਹਾਂ ਦੀ ਛੋਟੀ ਜਿਹੀ ਰਾਏ ਹੀ ਬਹੁਤ ਕੰਮ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਟੀਚਰ ਸਾਬ੍ਹ ਨੂੰ ਅਪੀਲ ਕਰਾਂਗਾ ਕਿ ਉਹ ਪਾਰਟੀ ਨਾਲ ਬਣੇ ਰਹਿਣ। ਬਾਦਲ ਨੇ ਇਹ ਵੀ ਕਿਹਾ ਕਿ ਉਹ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਾਂ ਨੂੰ ਅਪੀਲ ਕਰਦੇ ਹਨ ਕਿ ਇੱਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ। ਦੱਸਣਯੋਗ ਹੈ ਕਿ ਢੀਂਡਸਾ ਵੱਲੋਂ ਮਿਲੇ ਝਟਕੇ ਤੋਂ ਬਾਅਦ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਰੱਖੀ ਹੈ, ਜਿਸ ਦਾ ਵਿਸ਼ਾ ਗੁਪਤ ਹੀ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵਰਗੇ ਦਿੱਗਜ ਅਕਾਲੀ ਲੀਡਰ ਬਾਗ਼ੀ ਫੈਸਲਾ ਲੈ ਸਕਦੇ ਹਨ। ਅੱਜ ਆਪਣੇ ਜੱਦੀ ਹਲਕੇ ਲੰਬੀ ਦੇ ਦਰਜਣ ਭਰ ਪਿੰਡਾਂ ਦਾ ਦੌਰਾ ਕਰਦੇ ਹੋਏ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ ਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਨਸ਼ੇ ਖ਼ਤਮ ਕੀਤੇ ਜਾਣਗੇ, ਪਰ ਇਹ ਸਭ ਝੂਠ ਨਿਕਲਿਆ। ਹਾਲਾਂਕਿ, ਆਪਣੀ ਸੱਤਾ ਦੌਰਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਇਹ ਦਾਅਵਾ ਕਰਦੇ ਰਹੇ ਸਨ ਕਿ ਪੰਜਾਬ ਵਿੱਚ ਨਸ਼ਾ ਨਹੀਂ, ਇਹ ਸਭ ਵਿਰੋਧੀਆਂ (ਕਾਂਗਰਸ ਤੇ 'ਆਪ') ਦੀ ਸੂਬੇ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੇ ਤੇ ਕਾਂਗਰਸ ਮੁੜ ਤੋਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਇੱਥੇ ਉਨ੍ਹਾਂ ਫਿਰ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਬਹੁਤ ਧੱਕੇਸ਼ਾਹੀ ਕੀਤੀ।