ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੀਆਂ ਸਾਰੀਆਂ ਅਹੁਦੇਦਾਰੀਆਂ ਤਿਆਗਣ 'ਤੇ ਕਾਂਗਰਸ ਨੇ ਅਕਾਲੀਆਂ 'ਤੇ ਖ਼ੂਬ ਨਿਸ਼ਾਨੇ ਲਾਏ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਢੀਂਡਸਾ ਨੇ ਅਸਤੀਫ਼ਾ ਨਹੀਂ ਦਿੱਤਾ ਸਗੋਂ ਬਾਦਲ ਪਿਓ-ਪੁੱਤਾਂ ਨੇ ਉਨ੍ਹਾਂ ਦੀ ਕੁਰਬਾਨੀ ਲਈ ਹੈ।
ਜਾਖੜ ਨੇ ਕਿਹਾ ਕਿ ਢੀਂਡਸਾ ਦੀ ਉਸੇ ਹੀ ਤਰ੍ਹਾਂ ਕੁਰਬਾਨੀ ਲਈ ਗਈ ਹੈ ਜਿਵੇਂ ਕਦੇ ਗੁਰਚਰਨ ਸਿੰਘ ਟੌਹੜਾ ਤੇ ਦੂਜੇ ਕਈ ਆਹਲਾ ਨੇਤਾਵਾਂ ਨੂੰ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੇ ਪਿੱਛੇ ਹਟਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਢੀਂਡਸਾ ਨਾਰਾਜ਼ ਸੀ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਸੱਚੇ ਮਨ ਨਾਲ ਮਨਾਉਣਾ ਹੀ ਹੁੰਦਾ ਤਾਂ ਖ਼ੁਦ ਪ੍ਰਕਾਸ਼ ਸਿੰਘ ਬਾਦਲ ਜਾਂਦੇ ਜਾਂ ਦਲਜੀਤ ਚੀਮਾ ਨੂੰ ਭੇਜਦੇ। ਜਾਖੜ ਨੇ ਕਿਹਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਆਪਣਾ ਵਜੂਦ ਬਚਾਉਣ ਲਈ ਹਲਕੇ ਵਿੱਚ ਵਾਰ-ਵਾਰ ਘੁੰਮਣਾ ਪੈ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਾਇਰਲ ਹੋਈ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਜਨਤਾ ਨੂੰ ਸਭ ਸੱਚ ਪਤਾ ਹੈ ਇਹ ਅਕਾਲੀ ਦਲ ਦੀ ਹੀ ਹਰਕਤ ਹੈ। ਕਾਂਗਰਸ ਦੀ ਲੰਬੀ ਰੈਲੀ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਉਹ ਰੈਲੀ ਵਿੱਚ ਅਕਾਲੀ ਦਲ ਦਾ ਸਿੱਖ ਪੰਥ ਵਿਰੋਧੀ ਚਿਹਰਾ ਬੇਨਕਾਬ ਕਰਨਗੇ।
ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਬਾਰੇ ਸੰਸਦ ਮੈਂਬਰ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਕੋਈ ਸੁਝਾਅ ਹੀ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਪਰ ਮੋਦੀ ਅਜਿਹਾ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਸਿੱਧੇ ਤੌਰ 'ਤੇ ਅਡਾਨੀ ਤੇ ਅੰਬਾਨੀ ਨੂੰ ਲਾਭ ਦਿਵਾਉਣਾ ਹੈ।