Laung Laachi 2: ਲੌਂਗ ਲਾਚੀ ਫ਼ਿਲਮ 2018 ਵਿੱਚ ਆਈ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਤਾਂ ਕਈ ਰਿਕਾਰਡ ਬਣਾਏ ਹੀ ਸੀ, ਤੇ ਨਾਲ ਹੀ ਫ਼ਿਲਮ ਦਾ ਟਾਈਟਲ ਟਰੈਕ ਲੌਂਗ ਲਾਚੀ ਜ਼ਬਰਦਸਤ ਹਿੱਟ ਹੋਇਆ ਸੀ। ਇਹੀ ਨਹੀਂ, ਇਹ ਭਾਰਤ ਦਾ ਪਹਿਲਾ ਗੀਤ ਸੀ, ਜਿਸ ਨੂੰ 1 ਅਰਬ ਤੋਂ ਵੱਧ ਲੋਕਾਂ ਨੇ ਦੁਨੀਆ ਭਰ `ਚ ਦੇਖਿਆ ਸੀ। ਇਸ ਦੇ ਨਾਲ ਨਾਲ ਫ਼ਿਲਮ `ਚ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ਦੀ ਤਿਕੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।


ਉਦੋਂ ਤੋਂ ਹੀ ਦਰਸ਼ਕ ਤੇ ਫ਼ੈਨਜ਼ ਇਸ ਤਿਕੜੀ ਨੂੰ ਵੱਡੇ ਪਰਦੇ ਤੇ ਦੁਬਾਰਾ ਦੇਖਣ ਲਈ ਬੇਕਰਾਰ ਸਨ। ਹੁਣ ਦਰਸ਼ਕਾਂ ਦਾ ਇੰਤਜ਼ਾਰ ਜਲਦ ਖਤਮ ਹੋਣ ਜਾ ਰਿਹਾ ਹੈ। ਜੀ ਹਾਂ ਲੌਂਗ ਲਾਚੀ 2 ਫ਼ਿਲਮ 19 ਅਗਸਤ ਨੂੰ ਦੁਨੀਆ ਭਰ `ਚ ਰਿਲੀਜ਼ ਹੋਣ ਜਾ ਰਹੀ ਹੈ। ਨਾਲ ਨਾਲ ਤੁਹਾਨੂੰ ਇਹ ਦਸ ਦਈਏ ਕਿ ਫ਼ਿਲਮ ਦੇ ਟਰੇਲਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ ਦੇ ਟਰੇਲਰ ਨੂੰ ਹੁਣ ਤੱਕ 6.5 ਮਿਲੀਅਨ ਯਾਨਿ 65 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਫ਼ਿਲਮ ਦਾ ਟਾਈਟਲ ਟਰੈਕ `ਤੇਰੀ ਲਾਚੀ ਦਾ ਲੱਭ ਗਿਆ ਲੌਂਗ` ਵੀ ਜ਼ਬਰਦਸਤ ਹਿੱਟ ਹੋ ਚੁੱਕਿਆ ਹੈ। ਇਸ ਗੀਤ ਨੂੰ ਮਹਿਜ਼ 3 ਦਿਨਾਂ ਵਿੱਚ ਹੀ 8 ਮਿਲੀਅਨ ਯਾਨਿ 80 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। 





ਇਸ ਦੇ ਨਾਲ ਨਾਲ ਫ਼ਿਲਮ ਦੀ ਸਟਾਰ ਕਾਸਟ ਜੰਮ ਕੇ ਫ਼ਿਲਮ ਤੇ ਇਸ ਦੇ ਗਾਣਿਆਂ ਦਾ ਪ੍ਰਮੋਸ਼ਨ ਕਰ ਰਹੀ ਹੈ। ਫ਼ਿਲਮ ਦਾ ਇੱਕ ਹੋਰ ਗੀਤ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਬਾਰੇ ਨੀਰੂ ਬਾਜਵਾ ਤੇ ਅੰਬਰਦੀਪ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਜਾਣਕਾਰੀ ਸ਼ੇਅਰ ਕੀਤੀ।


ਕਾਬਿਲੇਗ਼ੌਰ ਹੈ ਕਿ 2018 ਵਿੱਚ ਲੌਂਗ ਲਾਚੀ ਫ਼ਿਲਮ ਰਿਲੀਜ਼ ਹੋਈ ਸੀ। ਇਸ ਤੋਂ 4 ਸਾਲਾਂ ਦੇ ਬਾਅਦ 2022 `ਚ ਲੌਂਗ ਲਾਚੀ 2 ਰਿਲੀਜ਼ ਹੋਣ ਜਾ ਰਹੀ ਹੈ। ਇਸ ਨੂੰ ਸੀਕੁਅਲ ਤਾਂ ਨਹੀਂ ਕਹਿ ਸਕਦੇ ਕਿਉਂਕਿ ਪਹਿਲੇ ਭਾਗ ਦੀ ਕਹਾਣੀ ਨਾਲ ਦੂਜੇ ਪਾਰਟ ਦਾ ਕੋਈ ਲੈਣ ਦੇਣ ਨਹੀਂ ਹੈ।