ਪਟਿਆਲਾ: ਪੰਜਾਬੀ ਗੀਤਕਾਰ ਅਤੇ ਲੇਖਕ ਸੁਰਜੀਤ ਸਿੰਘ ਗਿੱਲ ਦਾ ਅੱਜ ਉਨ੍ਹਾਂ ਦੇ ਗ੍ਰਹਿ ਘੁੰਮਣ ਨਗਰ ਵਿਖੇ ਦੇਹਾਂਤ ਹੋ ਗਿਆ। ਸੁਰਜੀਤ ਸਿੰਘ 74 ਸਾਲਾਂ ਦੇ ਸਨ। ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਬੀਤੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਦੇਹਾਂਤ ਹੋ ਗਿਆ। ਇਹ ਜਾਣਕਾਰੀ ਸੁਰਜੀਤ ਗਿੱਲ ਦੇ ਭਰਾ ਚਰਨਜੀਤ ਸਿੰਘ ਗਿੱਲ ਨੇ ਦਿੱਤੀ। ਸੁਰਜੀਤ ਸਿੰਘ ਗਿੱਲ ਦੇ ਦੇਹਾਂਤ ਨਾਲ ਲੇਖਕ, ਗੀਤਕਾਰਾਂ ਅਤੇ ਗਾਇਕਾਂ ’ਚ ਸੋਗ ਮਨਾਇਆ ਜਾ ਰਿਹਾ ਹੈ। 

 

ਸੁਰਜੀਤ ਸਿੰਘ ਨੇ ਕਵਿਤਾ ਰਾਹੀਂ ਸ਼ੁਰੂਆਤ ਕੀਤੀ ਅਤੇ ਕਈ ਮਕਬੂਲ ਗੀਤ ਲਿਖੇ ਅਤੇ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਵਰਗੇ ਮਕਬੂਲ ਗੀਤ ਨੂੰ ਗਾਇਕ ਹਰਦੀਪ ਨੇ ਗਾਇਆ। ਗਾਇਕ ਹਰਦੀਪ ਸਿੰਘ ਤੋਂ ਇਲਾਵਾ ਕਈ ਗਾਇਕਾਂ ਨੇ ਗਿੱਲ ਸੁਰਜੀਤ ਦੇ ਲਿਖੇ ਗੀਤਾਂ ਨੂੰ ਗਾਇਆ ਅਤੇ ਮਕਬੂਲੀਅਤ ਹਾਸਲ ਕੀਤੀ। ਸੁਰਜੀਤ ਸਿੰਘ 1982 ਦੀਆਂ ਏਸ਼ੀਆਈ ਖੇਡਾਂ ਦੌਰਾਨ ਭੰਗੜੇ ਦੇ ਕੋਚ ਵੀ ਸੀ। 

 

ਇਸ ਦੁੱਖ ਦੀ ਘੜੀ ’ਚ ਲੇਖਕ ਗੁਰਭਜਨ ਗਿੱਲ ਅਤੇ ਗਾਇਕ ਪੰਮੀ ਬਾਈ ਨੇ ਕਿਹਾ ਕਿ ਗਿੱਲ ਸੁਰਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਲੇਖਕ, ਗਾਇਕ ਅਤੇ ਸਾਹਿਤ ਸਫਾਂ 'ਚ ਵੱਡੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। 

 

ਪੰਮੀ ਬਾਈ ਨੇ ਕਿਹਾ ਗਿੱਲ ਸੁਰਜੀਤ ਸਿੰਘ ਕਈ ਲੰਮੇ ਸਮੇਂ ਤੋਂ ਖਾਮੋਸ਼ੀ ਦੇ ਆਲਮ 'ਚ ਸੀ। ਅੱਜ ਉਨ੍ਹਾਂ ਦੇ ਜਾਣ ਦਾ ਦੁੱਖ ਉਨ੍ਹਾਂ ਵੀਰਾਂ ਨੂੰ ਵੀ ਹੋਵੇਗਾ ਜਿਨ੍ਹਾਂ ਨੇ ਭੰਗੜੇ ਦੇ ਅੰਤਰਰਾਸ਼ਟਰੀ ਫਨਕਾਰ ਦਾ ਨਿੱਘ ਮਾਣਿਆ ਹੋਵੇਗਾ। ਉਨ੍ਹਾਂ ਕਿਹਾ ਕਿ ਗਿੱਲ ਸੁਰਜੀਤ ਸਿੰਘ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904