ਮੁੰਬਈ: ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਫ਼ਿਲਮ ਡਾਇਰੈਕਟਰ ਫਰਾਹ ਖ਼ਾਨ ਤੇ ਕਾਮੇਡੀਅਨ ਭਾਰਤੀ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ ਇਨ੍ਹਾਂ ਤਿੰਨਾਂ ਵਿਰੁੱਧ ਇਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹੁਣ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਮਹਾਰਾਸ਼ਟਰ ਪੁਲਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।


ਸ਼ਿਕਾਇਤਕਰਤਾ ਅਸ਼ੀਸ਼ ਸ਼ਿੰਦੇ ਨੇ ਮੰਗਲਵਾਰ ਨੂੰ ਸੂਬੇ ਦੇ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਨੂੰ ਆਪਣੀ ਮੰਗ ਬਾਰੇ ਅਪੀਲ ਕੀਤੀ। ਸਥਾਨਕ ਐਨਜੀਓ ਦੇ ਮੁਖੀ ਸ਼ਿੰਦੇ ਨੇ ਪਿਛਲੇ ਸਾਲ ਬੀਡ ਸ਼ਹਿਰ ਦੇ ਸ਼ਿਵਾਜੀ ਨਗਰ ਥਾਣੇ ਵਿੱਚ ਆਈਪੀਸੀ ਦੀ ਧਾਰਾ 295 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਤਿੰਨਾਂ ਫ਼ਿਲਮੀ ਸ਼ਖਸੀਅਤਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਕੇਸ ਮੁੰਬਈ ਦੇ ਮਲਾਦ ਥਾਣੇ ਵਿੱਚ ਭੇਜਿਆ ਗਿਆ ਸੀ, ਜਿਸ ਤਹਿਤ ਮੁਲਜ਼ਮਾਂ ਰਹਿੰਦੀਆਂ ਹਨ। ਡੀਜੀਪੀ ਨੂੰ ਲਿਖੀ ਆਪਣੀ ਪਟੀਸ਼ਨ 'ਚ ਸ਼ਿੰਦੇ ਨੇ ਕਿਹਾ ਕਿ ਇਸ ਕੇਸ ਵਿੱਚ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਸ ਨੇ ਲਿਖਿਆ, 'ਬੀਡ ਦੇ ਐਸਪੀ ਨੂੰ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿਓ।' ਸ਼ਿੰਦੇ ਨੇ ਕਿਹਾ, 'ਇਹ ਮਾਮਲਾ ਕਿੱਥੇ ਪਹੁੰਚਿਆ, ਬੀਡ ਦੇ ਏਸੀ ਦਫਤਰ ਤੇ ਸ਼ਿਵਾਜੀ ਨਗਰ ਥਾਣੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਲਈ ਮੈਂ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਡੀਜੀਪੀ ਲਈ ਅਰਜ਼ੀ ਦਿੱਤੀ ਹੈ।"

ਦੱਸ ਦਈਏ ਕਿ ਤਿੰਨਾਂ ਨੇ ਇਸ ਮਾਮਲੇ 'ਤੇ ਵੱਖ-ਵੱਖ ਤਰੀਕਿਆਂ ਨਾਲ ਮਾਫੀ ਮੰਗ ਲਈ ਸੀ।