ਅਮੈਲੀਆ ਪੰਜਾਬੀ ਦੀ ਰਿਪੋਰਟ
Mankirt Aulakh Vicky Middukhera: ਪੰਜਾਬੀ ਸਿੰਗਰ ਮਨਕੀਰਤ ਔਲਖ ਨੇ ਆਪਣੇ ਬੈਸਟ ਫ਼ਰੈਂਡ ਮਰਹੂਮ ਵਿੱਕੀ ਮਿੱਡੂਖੇੜਾ ਨੂੰ ਉਸ ਦੇ ਜਨਮਦਿਨ ਮੌਕੇ ਯਾਦ ਕੀਤਾ ਹੈ। ਔਲਖ ਨੇ ਮਿੱਡੂਖੇੜਾ ਨੇ ਇੰਸਟਾਗ੍ਰਾਮ `ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿਚ ਲੰਬੀ ਚੌੜੀ ਪੋਸਟ ਲਿਖ ਕੇ ਉਸ ਨੇ ਮਿੱਡੂਖੇੜਾ ਨੂੰ ਸ਼ਰਧਾਂਜਲੀ ਦਿਤੀ ਤੇ ਨਾਲ ਹੀ ਜਨਮਦਿਨ ਵਿਸ਼ ਕੀਤਾ। ਦੇਖੋ ਔਲਖ ਦੀ ਪੋਸਟ:
ਆਪਣੀ ਪੋਸਟ ਵਿੱਚ ਪੰਜਾਬੀ ਸਿੰਗਰ ਨੇ ਲਿਖਿਆ, "ਉਸ ਲੈਜੇਂਡ ਨੂੰ ਜਨਮਦਿਨ ਦੀ ਬਹੁਤ ਵਧਾਈ, ਜੋ ਨਾ ਤਾਂ ਮਰਿਆ ਹੈ ਤੇ ਨਾ ਹੀ ਮਰੇਗਾ। ਲੈਜੇਂਡ ਕਦੇ ਨਹੀਂ ਮਰਦੇ। ਮੈਨੂੰ ਪਤਾ ਹੈ ਵਿੱਕੀ ਤੂੰ ਸਵਰਗਾਂ `ਚ ਰਾਜ ਕਰ ਰਿਹਾ ਹੋਣਾ। ਜਿੰਨਾਂ ਸਮਾਂ ਧਰਤੀ ਤੇ ਰਿਹਾ ਇਥੇ ਰਾਜ ਕੀਤਾ। ਹੁਣ ਸਵਰਗਾਂ `ਚ ਵੀ ਰਾਜ ਕਰਦਾ ਹੋਣਾ। ਸਵਰਗਾਂ ਦੇ ਫ਼ਰਿਸ਼ਤੇ ਤੇਰੇ `ਤੇ ਆਸ਼ੀਸ਼ਾਂ ਦੀ ਬਰਸਾਤ ਕਰਨ। ਵਾਹਿਗੁਰੂ ਤੈਨੂੰ ਹਮੇਸ਼ਾ ਆਪਣੀਆਂ ਬਾਹਾਂ ਵਿੱਚ ਰੱਖਣ। ਤੇਰੇ ਨਾਲ ਮੇਰੀਆਂ ਪਿਆਰੀਆਂ ਯਾਦਾਂ ਹਾਲੇ ਤੱਕ ਮੇਰੇ ਜ਼ਹਿਨ `ਚ ਹਨ। ਮੈਨੂੰ ਕੱਲ ਵੀ ਤੇਰੇ ਉੱਤੇ ਮਾਣ ਸੀ, ਅੱਜ ਵੀ ਤੇਰੇ `ਤੇ ਮਾਣ ਹੈ ਤੇ ਹਮੇਸ਼ਾ ਮਾਣ ਰਹੇਗਾ। ਸੱਚਮੁੱਚ ਤੂੰ ਬਹੁਤ ਪਿਆਰੀ ਰੂਹ ਸੀ। ਤੇਰੇ ਜਿਹਾ ਨਿਮਾਣਾ ਬੰਦਾ ਨੀ ਹੋਣਾ ਕੋਈ। ਹੈੱਪੀ ਬਰਥਡੇ ਵੀਰੇ।"
ਪਿਛਲੇ ਸਾਲ ਮਿੱਡੂਖੇੜਾ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ
ਕਾਬਿਲੇਗ਼ੌਰ ਹੈ ਕਿ ਵਿੱਕੀ ਮਿੱਡੂਖੇੜਾ ਯੂਥ ਅਕਾਲੀ ਦਲ ਦਾ ਲੀਡਰ ਸੀ। ਜਿਸ ਨੂੰ ਪਿਛਲੇ ਸਾਲ ਮੋਹਾਲੀ `ਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਸ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ। ਉਂਜ ਵਿੱਕੀ ਦਾ ਨਾਂ ਬਿਸ਼ਨੋਈ ਗੈਂਗ ਨਾਲ ਜੁੜਦਾ ਸੀ। ਖਬਰਾਂ ਮੁਤਾਬਕ ਇਸੇ ਲਈ ਹੀ ਬੰਬੀਹਾ ਗਰੁੱਪ ਨੇ ਮਿੱਡੂਖੇੜਾ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਖੁੱਲੀ ਧਮਕੀ ਦਿਤੀ ਸੀ ਕਿ ਜਿਸ ਨੇ ਵੀ ਮਿੱਡੂਖੇੜਾ ਦਾ ਕਤਲ ਕੀਤਾ ਹੈ, ਉਹ ਧਰਤੀ ਤੇ ਜ਼ਿਆਦਾ ਦਿਨ ਨਹੀਂ ਜੀ ਸਕਦਾ।
ਕੌਣ ਸੀ ਵਿੱਕੀ ਮਿੱਡੂਖੇੜਾ?
ਵਿੱਕੀ ਮਿੱਡੂਖੇੜਾ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਾਲ 2009 ਵਿੱਚ ਐਕਟਿਵ ਰਹਿਣਾ ਸ਼ੁਰੂ ਕੀਤਾ ਸੀ। ਸਾਲ 2014 ਵਿੱਚ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਇੰਡੀਆ (ਐੱਸਓਆਈ) ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਿੱਡੂਖੇੜਾ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਵਿੱਚ ਸਰਗਰਮ ਸੀ। ਉਸ ਨੇ ਪਹਿਲਾਂ ਐੱਮਏ ਪਬਲਿਕ ਐਡਮਿਨਸਟੇਰਸ਼ਨ ਅਤੇ ਫਿਰ ਐੱਮਏ ਡਿਫੈਂਸ ਕੀਤੀ। ਇਸ ਤੋਂ ਬਾਅਦ ਉਸ ਨੇ ਫ਼ਰੈਂਚ ਭਾਸ਼ਾ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ। ਸਾਲ 2010-12 ਵਿੱਚ ਉਹ ਸੋਪੂ ਪਾਰਟੀ ਦਾ ਪ੍ਰਧਾਨ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਨੂੰ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦਾ ਚੰਡੀਗੜ੍ਹ ਜ਼ੋਨ ਇੰਚਾਰਜ ਬਣਾਇਆ ਗਿਆ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਮੁੜ ਚਰਚਾ `ਚ ਆਇਆ ਮਿੱਡੂਖੇੜਾ ਦਾ ਨਾਂ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਤਾਂ ਮਿੱਡੂਖੇੜਾ ਦਾ ਨਾਂ ਮੁੜ ਚਰਚਾ `ਚ ਆਇਆ। ਕਿਉਂਕਿ ਬਿਸ਼ਨੋਈ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਸੀ ਕਿ ਉਸ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਪੂਰਾ ਕੀਤਾ ਹੈ।