ਚੰਡੀਗੜ੍ਹ: ਹਿਜਾਬ ਸਬੰਧੀ ਆਪਣੀ ਟਿੱਪਣੀ ਨਾਲ ਸੁਰਖੀਆਂ ਵਿੱਚ ਆਉਣ ਦੇ ਕੁਝ ਦਿਨਾਂ ਮਗਰੋਂ ਮਿਸ ਯੂਨੀਵਰਸ-2021 ਹਰਨਾਜ਼ ਸੰਧੂ ਨੇ ਕਿਹਾ ਹੈ ਕਿ ਦੇਸ਼ ਦੀ ਯੂਥ ਹੋਣ ਦੇ ਨਾਤੇ ਉਨ੍ਹਾਂ ਨੇ ਇਸ ਮੁੱਦੇ ’ਤੇ ਸਿਰਫ਼ ਆਪਣਾ ਨਜ਼ਰੀਆ ਸਾਂਝਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੋਈ ਲੜਕੀ ਹਿਜਾਬ ਪਾਉਣਾ ਚਾਹੁੰਦੀ ਹੈ ਜਾਂ ਨਹੀਂ, ਇਹ ਉਸ ਦੀ ਮਰਜ਼ੀ ਹੈ। ਜੇ ਕੋਈ ਉਸ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਜਿਉਣ ਦੇਣਾ ਚਾਹੀਦਾ ਹੈ।



ਹਰਨਾਜ਼ ਨੇ ਕਿਹਾ ਕਿ ਵਿਚਾਰ ਅਧੀਨ ਮਾਮਲਾ ਕੁਝ ਅਜਿਹਾ ਹੈ ਜਿਸ ਬਾਰੇ ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਇਸ ਮੁੱਦੇ ’ਤੇ ‘ਬੋਲਣ’ ਦੀ ਲੋੜ ਹੈ, ਕਿਉਂਕਿ ‘‘ਉਹ ਆਪਣੇ ਅਨੁਸਾਰ ਜਿਊਣ ਦੇਣ ਵਿੱਚ ਯਕੀਨ ਕਰਦੀ ਹੈ।’’ ਹਰਨਾਜ਼ ਸੰਧੂ ਨੇ ਕਿਹਾ, ‘‘ਆਪਣੇ ਦੇਸ਼ ਦੀ ਯੂਥ ਹੋਣ ਦੇ ਨਾਤੇ...ਮੈਂ ਮਾਸਟਰਜ਼ ਇਨ ਪਬਲਿਕ ਐਡਮਿਨਿਟਰੇਸ਼ਨ ਦੀ ਵਿਦਿਆਰਥਣ ਹਾਂ ਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਤੁਹਾਡਾ ਨਜ਼ਰੀਆ ਹੋਣਾ ਜ਼ਰੂਰੀ ਹੈ।’’

ਯਾਦ ਰਹੇ ਹਰਨਾਜ਼ ਸੰਧੂ ਨੇ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਸਮਾਗਮ ਦੌਰਾਨ ਸਵਾਲ ਦੇ ਜਵਾਬ ਵਿੱਚ ਸਮਾਜ ਨੂੰ ਅਪੀਲ ਕੀਤੀ ਸੀ ਕਿ ਹਿਜਾਬ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਲੜਕੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਵੇ ਤੇ ਉਨ੍ਹਾਂ ਨੂੰ ‘ਆਪਣੀ ਮਰਜ਼ੀ ਅਨੁਸਾਰ ਜਿਊਣ ਦਿੱਤਾ ਜਾਵੇ।’’

ਦੱਸ ਦਈਏ ਕਿ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਹਰਨਾਜ਼ ਨੇ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਕੁਝ ਕਰਨਾ ਚਾਹੁੰਦੀ ਹਨ। ਉਹ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਤੇ ਔਰਤਾਂ ਦੀ ਭਲਾਈ ਸਣੇ ਕਈ ਅਜਿਹੇ ਕੰਮ ਹਨ, ਜਿਸ ਵਿੱਚ ਉਹ ਵਧ-ਚੜ੍ਹ ਕੇ ਹਿੱਸਾ ਲੈ ਸਕਦੀ ਹੈ। ਮੁੱਖ ਮੰਤਰੀ ਨੇ ਹਰਨਾਜ਼ ਕੌਰ ਸੰਧੂ ਨੂੰ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖ਼ਿਤਾਬ ਵਾਪਸ ਭਾਰਤ ਲਿਆ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ।