Gippy Grewal New Song Mutiyare Ni: ਗਿੱਪੀ ਗਰੇਵਾਲ ਦਾ ਸੋਲੋ ਗੀਤ ਮੁਟਿਆਰੇ ਨੀ (Mutiyare Ni Gippy Grewal) 12 ਜੁਲਾਈ ਨੂੰ ਰਿਲੀਜ਼ ਹੋ ਗਿਆ ਹੈ। ਦੋ ਦਿਨਾਂ ਵਿੱਚ ਇਸ ਗੀਤ ਨੂੰ ਸਾਢੇ 5 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਸ ਦਈਏ ਕਿ ਇਹ ਗੀਤ ਯੂਟਿਊਬ `ਤੇ 18ਵੇਂ ਨੰਬਰ `ਤੇ ਟਰੈਂਡਿੰਗ `ਚ ਹੈ। ਯਾਨਿ ਕਿ ਗਰੇਵਾਲ ਦਾ ਇਹ ਗਾਣਾ ਹਿੱਟ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਸਿੰਗਰ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਆਪਣੇ ਫ਼ੈਨਜ਼ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਗੀਤ ਨੂੰ ਮਿਲ ਰਹੇ ਚੰਗੇ ਰਿਸਪਾਂਸ ਤੇ ਇੰਸਟਾਗ੍ਰਾਮ ਸਟੋਰੀ ਵੀ ਪਾਈ। 




ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਸ ਗੀਤ ਨੂੰ ਆਪਣੀ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਹੈ। ਗੀਤ ਨੂੰ ਸੁਰਾਂ ਨਾਲ ਖੁਦ ਗਿੱਪੀ ਗਰੇਵਾਲ ਨੇ ਸਜਾਇਆ ਹੈ, ਜਦਕਿ ਇਸ ਦੇ ਬੋਲ ਤੇ ਧੁਨ ਹੈੱਪੀ ਰਾਇਕੋਟੀ ਨੇ ਤਿਆਰ ਕੀਤੇ ਹਨ। ਗਾਣੇ ਨੂੰ ਮਿਊਜ਼ਿਕ ਐਵੀ ਸਰਾ ਨੇ ਦਿਤਾ ਹੈ। ਇਸ ਗੀਤ `ਚ ਵਿਦੇਸ਼ੀ ਮਾਡਲ ਓਲੀਆ ਕ੍ਰੀਵੇਂਡਾ ਗਿੱਪੀ ਨਾਲ ਨਜ਼ਰ ਆ ਰਹੀ ਹੈ। 


ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦਾ ਗੀਤ ਮੁਟਿਆਰੇ ਨੀ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬੀ ਸਿੰਗਰ ਤੇ ਐਕਟਰ ਆਪਣੇ ਅਗਲੇ ਪ੍ਰੋਜੈਕਟਾਂ ਨੂੰ ਲੈਕੇ ਵੀ ਚਰਚਾ ਵਿੱਚ ਬਣੇ ਹੋਏ ਹਨ। ਉਹ ਹਾਲ ਹੀ `ਚ ਆਮਿਰ ਖਾਨ ਨੂੰ ਮਿਲੇ, ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਪਾਈ। ਹਾਲਾਂਕਿ ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਕੋਈ ਕੈਪਸ਼ਨ ਨਹੀਂ ਪਾਈ ਤੇ ਨਾ ਹੀ ਇਸ ਸਬੰਧੀ ਕੋਈ ਜਾਣਕਾਰੀ ਹੀ ਸਾਂਝੀ ਕੀਤੀ। ਜਿਸ ਤੋਂ ਬਾਅਦ ਇਹ ਚਰਚਾਵਾਂ ਹੋਰ ਵੀ ਤੇਜ਼ ਹੋ ਗਈਆਂ ਹਨ ਕਿ ਕਿਤੇ ਗਿੱਪੀ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੇ ਵਿੱਚ ਕੈਮੀਓ ਤਾਂ ਨਹੀਂ ਕਰ ਰਹੇ। 


ਇਸ ਦੇ ਨਾਲ ਹੀ ਗਿੱਪੀ ਆਪਣੀ ਅਗਲੀ ਫ਼ਿਲਮ ਦਾ ਐਲਾਨ ਵੀ ਕਰ ਚੁੱਕੇ ਹਨ। ਪਰ ਇਸ ਫ਼ਿਲਮ ਦਾ ਨਾਂ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਜਲਦ ਰਿਲੀਜ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਵੱਲੋਂ ਕੈਰੀ ਆਨ ਜੱਟਾ 3 ਦਾ ਵੀ ਐਲਾਨ ਕਰ ਦਿਤਾ ਗਿਆ ਹੈ। ਇਹ ਫ਼ਿਲਮ 2023 ਵਿੱਚ ਸਿਨੇਮਾਘਰਾਂ `ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।