Weather Update: ਦੇਸ਼ ਦੇ ਉੱਤਰ-ਪੂਰਬੀ ਰਾਜਾਂ ਤੋਂ ਬਾਅਦ ਹੁਣ ਕਈ ਰਾਜਾਂ ਵਿੱਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਹੋਈ ਬਾਰਿਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਰਾਜ ਅਜਿਹੇ ਵੀ ਹਨ, ਜਿੱਥੇ ਮੀਂਹ ਇੱਕ ਆਫ਼ਤ ਬਣ ਕੇ ਪੈ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ।


ਭਾਰਤੀ ਮੌਸਮ ਵਿਭਾਗ ਮੁਤਾਬਕ ਗੁਜਰਾਤ 'ਚ ਬਰਸਾਤ ਦਾ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਨੇ ਅੱਜ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ ਮੌਸਮ ਵਿਭਾਗ ਨੇ ਅਮਰੇਲੀ, ਗਿਰ ਸੋਮਨਾਥ, ਨਵਸਾਰੀ, ਡਾਂਗਾਂ, ਵਲਸਾਡ ਜ਼ਿਲ੍ਹਿਆਂ ਵਿੱਚ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਜੂਨਾਗੜ੍ਹ, ਭਾਵਨਗਰ, ਸੂਰਤ, ਤਾਪੀ ਜ਼ਿਲ੍ਹਿਆਂ ਵਿੱਚ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।


ਮਹਾਰਾਸ਼ਟਰ 'ਚ ਬਾਰਿਸ਼ ਲਈ ਰੈੱਡ ਅਲਰਟ


ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ ਵਿੱਚ ਮੀਂਹ ਅੱਜ ਵੀ ਜਾਰੀ ਰਹੇਗਾ। ਬੁੱਧਵਾਰ ਨੂੰ ਜਿੱਥੇ ਭਾਰੀ ਮੀਂਹ ਕਾਰਨ ਨਾਸਿਕ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਅੱਜ ਲਈ, ਮੌਸਮ ਵਿਭਾਗ ਨੇ ਨਾਸਿਕ, ਪਾਲਘਰ ਅਤੇ ਪੁਣੇ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮਹਾਰਾਸ਼ਟਰ ਦੇ ਠਾਣੇ, ਮੁੰਬਈ ਉਪਨਗਰ, ਰਾਏਗੜ੍ਹ, ਰਤਨਾਗਿਰੀ, ਸਤਾਰਾ, ਕੋਲਹਾਪੁਰ, ਸਿੰਧੂਦੁਰਗ, ਅਮਰਾਵਤੀ, ਨਾਗਪੁਰ, ਵਰਧਾ, ਯਵਤਮਾਲ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।


ਕਰਨਾਟਕ ਦੇ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ
ਇਸ ਦੇ ਨਾਲ ਹੀ ਅੱਜ ਮੌਸਮ ਵਿਭਾਗ ਨੇ ਉੱਤਰੀ ਗੋਆ, ਦੱਖਣੀ ਗੋਆ ਵਿੱਚ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਹੜ੍ਹਾਂ ਦੀ ਮਾਰ ਹੇਠ ਆਏ ਕਰਨਾਟਕ ਦੇ ਕੁਝ ਜ਼ਿਲ੍ਹਿਆਂ ਨੂੰ ਅਜੇ ਵੀ ਰਾਹਤ ਨਹੀਂ ਮਿਲ ਰਹੀ ਹੈ। ਇੱਥੇ, ਉੱਤਰਾ ਕੰਨੜ, ਉਡੁਪੀ, ਸ਼ਿਮੋਗਾ, ਦਕਸ਼ੀਨਾ ਕੰਨੜ, ਚਿਕਮਗਲੂਰ ਅਤੇ ਕੋਡਾਗੂ ਜ਼ਿਲ੍ਹਿਆਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੱਧ ਪ੍ਰਦੇਸ਼ 'ਚ ਆਰੇਂਜ ਅਲਰਟ ਜਾਰੀ 
ਭਾਰਤੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਧਾਰ, ਦੇਵਾਸ, ਸਿਹੋਰ, ਰਾਏਸੇਨ, ਹੋਸ਼ੰਗਾਬਾਦ ਜ਼ਿਲ੍ਹਿਆਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਗੁਆਂਢੀ ਛੱਤੀਸਗੜ੍ਹ ਰਾਜ ਦੇ ਰਾਜਨੰਦਗਾਂਵ, ਬਲੋਦ, ਕਾਂਕੇਰ, ਨਰਾਇਣਪੁਰ, ਬੀਜਾਪੁਰ ਜ਼ਿਲ੍ਹਿਆਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। ਛੱਤੀਸਗੜ੍ਹ ਦਾ ਬਸਤਰ ਜ਼ਿਲ੍ਹਾ ਇਨ੍ਹੀਂ ਦਿਨੀਂ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਕਗਾਰ 'ਤੇ ਖੜ੍ਹਾ ਹੈ।


ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ 'ਚ 14, 16 ਅਤੇ 17 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਫਿਲਹਾਲ ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ 'ਚ ਅੱਜ ਅਤੇ ਭਲਕੇ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।