ਮੁੰਬਈ: ਫ਼ਿਲਮ ‘ਠਾਕਰੇ’ ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਦੀ ਕਹਾਣੀ ਸ਼ਿਵ ਸੈਨਾ ਦੇ ਫਾਉਂਡਰ ਬਾਲਾ ਸਾਹਿਬ ਠਾਕਰੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫ਼ਿਲਮ ‘ਚ ਠਾਕਰੇ ਦਾ ਰੋਲ ਬਾਲੀਵੁੱਡ ‘ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੇ ਐਕਟਰ ਨਵਾਜ਼ੂਦੀਨ ਸਿਦੀਕੀ ਨੇ ਨਿਭਾਇਆ ਹੈ। ਟ੍ਰੇਲਰ ਦੇਖਣ ਤੋਂ ਬਾਅਦ ਇੱਕ ਵਾਰ ਫੇਰ ਕੋਈ ਵੀ ਨਵਾਜ਼ ਦੀ ਐਕਟਿੰਗ ਦਾ ਫੈਨ ਹੋ ਜਾਵੇਗਾ।


ਇਸ ਫ਼ਿਲਮ ਨੂੰ ਲੈ ਕੇ ਸ਼ਿਵ ਸੈਨਾ ਨੇ ਕਈ ਇਤਰਾਜ਼ ਜਤਾਏ ਸੀ। ਸੈਂਸਰ ਬੋਰਡ ਨੇ ਵੀ ਫ਼ਿਲਮ ਵਿੱਚੋਂ ਕੁਝ ਡਾਈਲੌਗ ਹਟਾਉਣ ਦੀ ਮੰਗ ਕੀਤੀ ਸੀ। ‘ਠਾਕਰੇ’ ਦਾ ਟ੍ਰੇਲਰ ਦੋ ਮਿੰਟ 54 ਸੈਕਿੰਡ ਦਾ ਹੈ ਜਿਸ ‘ਚ ਬਾਲ ਠਾਕਰੇ ਦੇ ਜ਼ਿੰਦਗੀ ਦੇ ਕਈ ਪਹਿਲੂਆਂ ਦੀ ਝਲਕ ਦੇਖਣ ਨੂੰ ਮਿਲਦੀ ਹੈ।


ਉਨ੍ਹਾਂ ਦੀ ਜ਼ਿੰਦਗੀ ਦਾ ਪੂਰਾ ਸੱਚ ਤਾਂ ਫ਼ਿਲਮ ਦੇਖਣ ਤੋਂ ਬਾਅਦ ਯਾਨੀ 25 ਜਨਵਰੀ, 2019 ਨੂੰ ਹੀ ਪਤਾ ਲੱਗੇਗਾ ਪਰ ‘ਠਾਕਰੇ’ ਦੇ ਟ੍ਰੇਲਰ ਨੇ ਲੋਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਲਈ ਉਤਸ਼ਾਹਿਤ ਜ਼ਰੂਰ ਕੀਤਾ ਹੈ। ਟ੍ਰੇਲਰ ‘ਚ ਹੀ ਕਈ ਦਿਲਚਸਪ ਗੱਲਾਂ ਦਾ ਜ਼ਿਕਰ ਹੋਇਆ ਹੈ ਜਿਵੇਂ ਬਾਬਰੀ ਮਸਜ਼ਿਦ, ਮੁੰਬਈ ਬਲਾਸਟ ਤੇ ਭਾਰਤ-ਪਾਕਿ ਕ੍ਰਿਕਟ ਮੈਚ ਬਾਰੇ।



ਜੇਕਰ ਟ੍ਰੇਲਰ ‘ਚ ਨਵਾਜ਼ੂਦੀਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੇਕਅੱਪ ਤੇ ਗੇਟਅੱਪ ਸਭ ਠਾਕਰੇ ਦੀ ਤਰ੍ਹਾਂ ਹੀ ਲੱਗ ਰਿਹਾ ਹੈ। ਠਾਕਰੇ ਦਾ ਕਿਰਦਾਰ ਕਰਨ ਲਈ ਨਵਾਜ਼ ਵੱਲੋਂ ਕੀਤੀ ਮਿਹਨਤ ਸਾਫ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਠਾਕਰੇ ਦਾ ਕਿਰਦਾਰ ਪੂਰੀ ਮਿਹਨਤ ਤੇ ਤਾਕਤ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।

‘ਠਾਕਰੇ’ ਬਾਈਓਪਿਕ ‘ਚ ਉਨ੍ਹਾਂ ਦੀ ਪਤਨੀ ਮੀਨਾ ਤਾਈ ਦਾ ਰੋਲ ਅੰਮ੍ਰਿਤਾ ਰਾਓ ਨੇ ਨਿਭਾਇਆ ਹੈ। ਫ਼ਿਲਮ ਦਾ ਡਾਇਰੈਕਸ਼ਨ ਅਭਿਜੀਤ ਪਾਨਸੇ ਤੇ ਇਸ ਨੂੰ ਲਿਖਿਆ ਸ਼ਿਵ ਸੈਨਾ ਮੈਂਬਰ ਸੰਜੈ ਰਾਊਤ ਨੇ ਹੈ। ‘ਮਾਂਝੀ’ ਤੇ ‘ਮੰਟੋ’ ਤੋਂ ਬਾਅਦ ਨਵਾਜ਼ ਦੀ ਇਹ ਤੀਜੀ ਬਾਇਓਪਿਕ ਫ਼ਿਲਮ ਹੈ ਜੋ ਮਰਾਠੀ ਤੇ ਹਿੰਦੀ ਦੋਨਾਂ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ।