ਡਰੱਗਸ ਮਾਮਲੇ 'ਚ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੂੰ ਐਨਸੀਬੀ ਨੇ ਫਿਰ ਸੰਮਨ ਭੇਜੇ ਹਨ। ਹੁਣ 16 ਦਸੰਬਰ ਨੂੰ ਅਰਜੁਨ ਰਾਮਪਾਲ ਨੂੰ ਐਨਸੀਬੀ ਸਾਹਮਣੇ ਫਿਰ ਪੇਸ਼ ਹੋਣਾ ਹੋਵੇਗਾ। ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਤੋਂ ਇਸ ਮਾਮਲੇ 'ਚ ਐਨਸੀਬੀ ਨੇ 13 ਨਵੰਬਰ ਨੂੰ ਪੁੱਛਗਿੱਛ ਕੀਤੀ ਸੀ। ਇਕ ਵਾਰ ਫਿਰ ਅਰਜੁਨ ਰਾਪਮਾਲ ਨੂੰ ਐਨਸੀਬੀ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।

ਐਨਸੀਬੀ ਦੀ ਟੀਮ ਨੇ ਅਰਜੁਨ ਰਾਮਪਾਲ ਦੇ ਮੁੰਬਈ ਵਾਲੇ ਘਰ ਅਤੇ ਵੱਖ-ਵੱਖ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਿਸ ਤੋਂ ਬਾਅਦ ਅਰਜੁਨ ਰਾਮਪਾਲ ਤੇ ਉਸ ਦੀ ਗ੍ਰਲਫ੍ਰੇਂਡ Gabriela Demetriades ਨੂੰ ਐਨਸੀਬੀ ਨੇ ਸੰਮਨ ਜਾਰੀ ਕੀਤੇ। 11 ਨਵੰਬਰ ਨੂੰ ਦੋਵਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। 11 ਨਵੰਬਰ ਨੂੰ Gabriela ਤਾਂ ਪਹੁੰਚੀ ਪਰ ਅਰਜੁਨ ਰਾਮਪਾਲ 13 ਨਵੰਬਰ ਨੂੰ ਪੇਸ਼ ਹੋਏ।


ਐਨਸੀਬੀ ਦੇ ਦਫ਼ਤਰ ਤੋਂ ਨਿਕਲਣ ਬਾਅਦ ਅਰਜੁਨ ਰਾਮਪਾਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਡਰੱਗਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਨ੍ਹਾਂ ਮਾਮਲਿਆਂ ਦੀ ਜਾਂਚ ਐਨਸੀਬੀ ਕਰ ਰਹੀ ਹੈ, ਹੁਣ ਐਨਸੀਬੀ ਨੂੰ ਵੀ ਯਕੀਨ ਹੋ ਗਿਆ ਹੈ ਕਿ ਮੇਰਾ ਇਨ੍ਹਾਂ ਮਾਮਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਐਨਸੀਬੀ ਨੇ ਫਿਰ ਤੋਂ ਅਰਜੁਨ ਰਾਮਪਾਲ ਨੂੰ ਸੰਮਨ ਜਾਰੀ ਕਰ ਇਹ ਸਾਫ ਕਰ ਦਿੱਤਾ ਹੈ ਕਿ ਅਜੇ ਜਾਂਚ ਕਮੇਟੀ ਅਰਜੁਨ ਰਾਮਪਾਲ ਦੇ ਮਾਮਲੇ 'ਚ ਸੰਤੁਸ਼ਟ ਨਹੀਂ ਹੋਈ ਹੈ।

ਸੁਸ਼ਾਂਤ ਕੇਸ 'ਚ ਆਏ ਡਰੱਗਸ ਐਂਗਲ 'ਚ ਐਨਸੀਬੀ ਨੇ ਕਮਰ ਕਸੀ ਹੋਈ ਹੈ। ਕਈ ਲੋਕਾਂ ਤੋਂ ਇਸ ਮਾਮਲੇ 'ਤੇ ਪੁੱਛਗਿੱਛ ਹੋ ਚੁੱਕੀ ਹੈ ਤੇ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਐਨਸੀਬੀ ਨੇ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸ ਦੇ ਭਰਾ ਸ਼ੋਵਿਕ ਚਕ੍ਰਵਰਤੀ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਇਸ ਕੇਸ 'ਚ ਕਈ ਹਸਤੀਆਂ ਦੇ ਨਾਮ ਵੀ ਸਾਹਮਣੇ ਆਏ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ, ਰਕੁਲ ਪ੍ਰੀਤ ਤੇ ਸਾਰਾ ਅਲੀ ਖਾਨ ਤੋਂ ਵੀ ਐਨਸੀਬੀ ਦੀ ਟੀਮ ਨੇ ਪੁੱਛਗਿੱਛ ਕੀਤੀ ਸੀ।