Justice For Mandeep Kaur: ਮਨਦੀਪ ਕੌਰ ਖੁਦਕੁਸ਼ੀ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਹਰ ਕੋਈ ਆਪੋ ਆਪਣੇ ਤਰੀਕੇ ਨਾਲ ਉਸ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਭਾਵੇਂ ਮਨਦੀਪ ਕੌਰ ਦੀ ਮੌਤ ਹੋਇਆਂ 13 ਦਿਨ ਹੋ ਗਏ ਹਨ, ਪਰ ਉਸ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਦੁਨੀਆ `ਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਖਾਸ ਕਰਕੇ ਔਰਤਾਂ ਨੂੰ ਮਨਦੀਪ ਕੌਰ ਦੀ ਖੁਦਕੁਸ਼ੀ ਨੇ ਹਿਲਾ ਕੇ ਰੱਖ ਦਿਤਾ ਹੈ। ਸਾਨੂੰ ਸਭ ਨੂੰ ਸੋਚਣ `ਤੇ ਮਜਬੂਰ ਕਰ ਦਿੱਤਾ ਹੈ ਕਿ 21ਵੀਂ ਸਦੀ `ਚ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ।


ਹੁਣ ਇੰਟਰਨੈੱਟ `ਤੇ ਚੇਂਜ ਡੌਟ ਓਆਰਜੀ (change.org) ਨਾਂ ਦੀ ਵੈੱਬਸਾਈਟ `ਤੇ `ਜਸਟਿਸ ਫ਼ਾਰ ਮਨਦੀਪ ਕੌਰ` ਨਾਂ ਦਾ ਪੇਜ ਬਣਾਇਆ ਗਿਆ ਹੈ। ਜਿਸ `ਤੇ ਲੋਕ ਪਟੀਸ਼ਨ ਸਾਈਨ ਕਰਕੇ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਪਟੀਸ਼ਨ ਨੂੰ ਹੁਣ ਤੱਕ 13 ਹਜ਼ਾਰ ਤੋਂ ਵੱਧ ਲੋਕ ਸਾਈਨ ਕਰ ਚੁੱਕੇ ਹਨ। ਜਦਕਿ ਇਸ ਪੇਜ ਨੂੰ ਟਾਰਗੈੱਟ ਪੂਰਾ ਕਰਨ ਲਈ 15 ਹਜ਼ਾਰ ਪਟੀਸ਼ਨਾਂ ਸਾਈਨ ਕਰਨ ਦੀ ਲੋੜ ਹੈ। ਇਸ ਮੁਹਿੰਮ ਨੂੰ ਇੰਟਰਨੈੱਟ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 


ਨੀਰੂ ਬਾਜਵਾ ਨੇ ਸਾਈਨ ਕੀਤੀ ਪਟੀਸ਼ਨ
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਇਸ ਪਟੀਸ਼ਨ ਨੂੰ ਸਾਈਨ ਕੀਤਾ ਹੈ। ਉਨ੍ਹਾਂ ਨੇ ਸਾਈਨ ਕਰਨ ਤੋਂ ਬਾਅਦ ਪਟੀਸ਼ਨ ਦਾ ਸਕ੍ਰੀਨਸ਼ਾਟ ਲੈਕੇ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਤੇ ਨਾਲ ਨਾਲ ਹੋਰਨਾਂ ਲੋਕਾਂ ਨੂੰ ਵੀ ਇਸ ਕੈਂਪੇਨ ਨਾਲ ਜੁੜਨ ਦਾ ਸੱਦਾ ਦਿੱਤਾ। 




ਪਿਛਲੇ ਦਿਨੀਂ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਪੋਸਟਾਂ ਸ਼ੇਅਰ ਕਰਕੇ ਆਪਣਾ ਵਿਰੋਧ ਜਤਾਇਆ ਸੀ। ਸਰਗੁਣ ਮਹਿਤਾ, ਨੀਰੂ ਬਾਜਵਾ, ਜਸਬੀਰ ਜੱਸੀ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਕਈ ਸਿੰਗਰਾਂ ਤੇ ਐਕਟਰਾਂ ਨੇ ਮਨਦੀਪ ਕੌਰ ਨਾਲ ਹੋਏ ਤਸ਼ੱਦਦ ਦਾ ਵਿਰੋਧ ਕੀਤਾ ਸੀ। 


ਕਾਬਿਲੇਗ਼ੌਰ ਹੈ ਕਿ ਮਨਦੀਪ ਕੌਰ ਨੇ 2 ਅਗਸਤ ਨੂੰ ਖੁਦਕੁਸ਼ੀ ਕਰ ਲਈ ਸੀ। ਉਸ ਨੇ ਖੁਦਕੁਸ਼ੀ ਤੋਂ ਸੋਸ਼ਲ ਮੀਡੀਆ `ਤੇ ਲਾਈਵ ਹੋ ਕੇ ਆਪਣਾ ਦਰਦ ਬਿਆਨ ਕੀਤਾ ਸੀ। ਮਨਦੀਪ ਕੌਰ ਨੇ ਪਤੀ ਵੱਲੋਂ ਉਸ `ਤੇ ਲਗਾਤਾਰ 8 ਸਾਲਾਂ ਤੋਂ ਕੀਤੇ ਜਾ ਰਹੇ ਤਸ਼ੱਦਦ ਦਾ ਹਾਲ ਸੁਣਾਇਆ ਸੀ।