ਰਵੀ ਜੈਨ


ਮੁੰਬਈ: ਕੋਰੋਨਾ ਦੀ ਨਵੀਂ ਲਹਿਰ ਕਰਕੇ ਬਾਲੀਵੁੱਡ ਵੀ ਡਾਢਾ ਪਰੇਸ਼ਾਨ ਹੈ। ਮੁੰਬਈ ’ਚ ਵੀਕਐਂਡ ਲੌਕਡਾਊਨ ਤੇ ਨਾਈਟ ਕਰਫ਼ਿਊ ਕਾਰਣ ਫ਼ਿਲਮਾਂ ਤੇ ਟੀਵੀ ਸੀਰੀਅਲਜ਼ ਦੀ ਸ਼ੂਟਿੰਗ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇੰਡਸਟ੍ਰੀ ਦੇ ਸਾਰੇ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨਾਲ ਜੁੜੀਆਂ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਸ਼ੂਟਿੰਗ ਵੇਲੇ ਸਾਰੀਆਂ ਸਾਵਧਾਨੀਆਂ ਵਰਤਣ ਦੀ ਤਾਕੀਦ ਕੀਤੀ ਸੀ। ਹੁਣ ਫ਼ਿਲਮ ਇੰਡਸਟ੍ਰੀ ਨੂੰ ਲੈ ਕੇ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਹੈ।


ਇੰਡਸਟ੍ਰੀ ਦੀ ਸਭ ਤੋਂ ਵੱਡੀ ਸੰਸਥਾ ‘ਫ਼ੈਡਰੇਸ਼ਨ ਆੱਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (FWICE) ਨੇ ਫ਼ਿਲਮਾਂ, ਟੀਵੀ ਲੜੀਵਾਰਾਂ ਤੇ ਵੈੱਬ ਸ਼ੋਅਜ਼ ਦੀ ਸ਼ੂਟਿੰਗ ਲਈ ਨਵੀਂਆਂ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਸੰਕੇਤ ਦਿੱਤਾ ਹੈ।


ਇਹ ਹਨ ਨਵੀਂਆਂ ਗਾਈਡਲਾਈਨਜ਼:


·  ਭੀੜ ਵਾਲੇ ਸੀਨਜ਼ ਤੇ ਵੱਡੀ ਗਿਣਤੀ ’ਚ ਵਿਅਕਤੀਆਂ ਦੇ ਡਾਂਸ ਵਾਲੇ ਗੀਤਾਂ ਦੀ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ।


·  ਸ਼ੂਟਿੰਗ ਦੇ ਸੈੱਟਸ ਉੱਤੇ ਪ੍ਰੋਡਕਸ਼ਨ ਤੇ ਪੋਸਟ–ਪ੍ਰੋਡਕਸ਼ਨ ਨਾਲ ਜੁੜੇ ਸਾਰੇ ਦਫ਼ਤਰਾਂ ’ਚ ਲੋਕਾਂ ਲਈ ਲਗਾਤਾਰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।


· FWICE ਨੇ ਸੈੱਟਸ ਤੇ ਪ੍ਰੋਡਕਸ਼ਨ ਨਾਲ ਜੁੜੀਆਂ ਥਾਵਾਂ ਉੱਤੇ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਤੇ ਨਿਗਰਾਨੀ ਰੱਖਣ ਲਈ ਇੱਕ ਮੌਨੀਟਰਿੰਗ ਟੀਮ ਦਾ ਗਠਨ ਕੀਤਾ ਹੈ।


· ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਪ੍ਰੋਡਕਸ਼ਨ ਯੂਨਿਟ ਉੱਤੇ FWICE ਵੱਲੋਂ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ।


 
FWICE ਦੇ ਬੀਐਨ ਤਿਵਾੜੀ ਨੇ ‘ਏਬੀਪੀ ਨਿਊਜ਼’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਕਰਕੇ ਉਦਯੋਗ ਵੱਲੋਂ ਪਹਿਲਾਂ ਹੀ ਹਰ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁੱਕਰਵਾਰ ਰਾਤੀਂ 8 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਲੌਕਡਾਊਨ ਦਾ ਇੰਡਸਟ੍ਰੀ ਵੱਲੋਂ ਪਾਲਣ ਕੀਤਾ ਜਾਵੇਗਾ ਤੇ ਇਸ ਦੌਰਾਨ ਕੋਈ ਸ਼ੂਟਿੰਗ ਨਹੀਂ ਕੀਤੀ ਜਾਵੇਗੀ।


ਇਸ ਦੌਰਾਨ ਪ੍ਰੀ ਤੇ ਪੋਸਟ ਪ੍ਰੋਡਕਸ਼ਨ ਦੀਆਂ ਗਤੀਵਿਧੀਆਂ ਦੀ ਵੀ ਇਜਾਜ਼ਤ ਨਹੀਂ ਹੋਵੇਗੀ। FWICE ਵੱਲੋਂ ਜਾਰੀ ਹਦਾਇਤਾਂ ਸਟੈਂਡਰਡ ਆਪਰੇਟਿੰਗ ਪੋਸੀਜ਼ਰ ਤੋਂ ਇਲਾਵਾ ਹੋਣਗੀਆਂ, ਜੋ 30 ਅਪ੍ਰੈਲ, 2021 ਤੱਕ ਜਾਰੀ ਰਹਿਣਗੀਆਂ।