ਅਮੈਲੀਆ ਪੰਜਾਬੀ ਦੀ ਰਿਪੋਰਟ
Nimrat Khaira New Movie: ਪੰਜਾਬੀ ਸਿੰਗਰ ਤੇ ਅਭਿਨੇਤਰੀ ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਨੇ ਹਾਲ ਹੀ 'ਚ ਆਪਣੀ ਐਲਬਮ 'ਮਾਣਮੱਤੀ' ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਨਾਲ ਉਸ ਨੇ ਆਪਣੀ ਐਲਾਬਮ ਦੀ ਰਿਲੀਜ਼ ਡੇਟ ਬਾਰੇ ਵੀ ਬੀਤੇ ਦਿਨੀਂ ਹੀ ਖੁਲਾਸਾ ਕੀਤਾ ਹੈ।
ਹੁਣ ਨਿਮਰਤ ਖਹਿਰਾ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਦਰਅਸਲ, ਨਿਮਰਤ ਖਹਿਰਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਨਿਮਰਤ ਖਹਿਰਾ ਵੱਡੇ ਪਰਦੇ 'ਤੇ ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਨੂੰ ਜਿਉਂਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਕਿ ਨਿਮਰਤ ਖਹਿਰਾ 'ਮਹਾਰਾਣੀ ਜਿੰਦ ਕੌਰ' ਨਾਮ ਦੀ ਇਸ ਫਿਲਮ 'ਚ ਮਹਾਰਾਣੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਪਰ ਪ੍ਰਸ਼ੰਸਕਾਂ ਨੂੰ ਇਹ ਫਿਲਮ ਦੇਖਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਫਿਲਮ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਨਿਮਰਤ ਖਹਿਰਾ ਨੇ ਫਿਲਮ ਦਾ ਸਿਰਫ ਅਧਿਕਾਰਤ ਐਲਾਨ ਕੀਤਾ ਹੈ। ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ ਦੀ ਕਹਾਣੀ ਅਮਰਜੀਤ ਸਿੰਘ ਸਰਾਂ ਨੇ ਲਿਖੀ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਮਰਜੀਤ ਹੀ ਕਰ ਰਹੇ ਹਨ। ਫਿਲਮ ਨੂੰ ਬਰਾਊਨ ਸਟੂਡੀਓਜ਼ ਦੇ ਮਾਲਕ ਹਰਵਿੰਦਰ ਸਿੱਧੂ ਪ੍ਰੋਡਿਊਸ ਕਰਨ ਜਾ ਰਹੇ ਹਨ।
ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਬਾਰੇ ਕੀ ਬੋਲੀ ਨਿਮਰਤ?
ਨਿਮਰਤ ਖਹਿਰਾ ਨੇ ਆਪਣੀ ਪੋਸਟ 'ਚ ਲਿਿਖਿਆ ਕਿ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਉਸ ਦਾ ਮਨਪਸੰਦ ਹੈ। ਉਸ ਦਾ ਸੁਪਨਾ ਸੀ ਕਿ ਉਹ ਪਰਦੇ 'ਤੇ ਉਨ੍ਹਾਂ ਦਾ ਕਿਰਦਾਰ ਨਿਭਾਵੇ। ਇਹ ਕਿਰਦਾਰ ਉਸ ਦੇ ਦਿਲ ਦੇ ਬੇਹੱਦ ਕਰੀਬ ਹੈ। ਦੇਖੋ ਗਾਇਕਾ ਦੀ ਇਹ ਪੋਸਟ:
ਕੌਣ ਸੀ ਮਹਾਰਾਣੀ ਜਿੰਦ ਕੌਰ?
ਦੱਸ ਦਈਏ ਕਿ ਮਹਾਰਾਣੀ ਜਿੰਦ ਕੌਰ ਸਿੱਖ ਰਾਜ ਦੀ ਆਖਰੀ ਮਹਾਰਾਣੀ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਉਨ੍ਹਾਂ ਨੂੰ ਸਿੱਖ ਰਾਜ ਦੀ ਸੁਰੱਖਿਅਕ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ ਸਾਲ 1817 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1843 ਤੋਂ 1847 ਤੱਕ ਸਿੱਖ ਰਾਜ ਦੀ ਗੱਦੀ ਸੰਭਾਲੀ ਸੀ।
ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਟੌਪ ਫੀਮੇਲ ਗਾਇਕਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਨਿੰਮੋ ਨੂੰ ਉਸ ਦੀ ਸਾਫ ਸੁਥਰੀ ਤੇ ਸੋਬਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਉਸ ਨੇ ਕਦੇ ਵੀ ਆਪਣੀ ਗਾਇਕੀ 'ਚ ਲੱਚਰਤਾ ਨਹੀਂ ਦਿਖਾਈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਹਾਲ ਹੀ 'ਚ ਨਿੰਮੋ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਜੋੜੀ' ਵਿੱਚ ਨਜ਼ਰ ਆਈ ਸੀ। ਇਸ ਫਿਲਮ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।