MP Sunny Deol: ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਰਾਸ ਨਹੀਂ ਆਈ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਇੱਕ ਪਾਸੇ ਇਸ ਗੱਲੋਂ ਅਲੋਚਨਾ ਹੋ ਰਹੀ ਹੈ ਕਿ ਉਹ ਜਿੱਤਣ ਮਗਰੋਂ ਆਪਣੇ ਹਲਕੇ ਵਿੱਚ ਨਹੀਂ ਵੜ੍ਹੇ ਤੇ ਦੂਜੇ ਪਾਸੇ ਉਨ੍ਹਾਂ ਨੇ ਸੰਸਦ ਵਿੱਚ ਹਾਜ਼ਰ ਰਹਿਣ ਤੋਂ ਵੀ ਟਾਲਾ ਵੱਟਿਆ ਗਿਆ ਹੈ। 


ਦੱਸ ਦਈਏ ਕਿ ਸਨੀ ਦਿਓਲ ਦੀ ਪਾਰਲੀਮੈਂਟ ਸੈਸ਼ਨਾਂ ਵਿੱਚ ਪਹਿਲੀ ਜੂਨ 2019 ਤੋਂ ਲੈ ਕੇ ਪਹਿਲੀ ਅਗਸਤ 2023 ਤੱਕ ਸਿਰਫ਼ 19 ਫ਼ੀਸਦੀ ਹਾਜ਼ਰੀ ਰਹੀ ਹੈ ਜਦਕਿ ਹਾਜ਼ਰੀ ਦੀ ਕੌਮੀ ਔਸਤ 79 ਫ਼ੀਸਦੀ ਤੇ ਸੂਬਾਈ ਔਸਤ 73 ਫ਼ੀਸਦੀ ਬਣਦੀ ਹੈ। 


ਹਾਸਲ ਜਾਣਕਾਰੀ ਮੁਤਾਬਕ ਸਨੀ ਦਿਓਲ ਨੇ ਸੰਸਦ ਦੇ ਚਾਰ ਸੈਸ਼ਨਾਂ ਵਿੱਚ ਤਾਂ ਪੈਰ ਹੀ ਨਹੀਂ ਧਰਿਆ। ਇਸੇ ਤਰ੍ਹਾਂ ਸਨੀ ਦਿਓਲ ਨੇ ਇਸ ਅਰਸੇ ਦੌਰਾਨ ਸੰਸਦ ਵਿੱਚ ਸਿਰਫ਼ ਇੱਕ ਸਵਾਲ ਲਾਇਆ ਹੈ ਤੇ ਉਨ੍ਹਾਂ ਬਹਿਸ ਦੌਰਾਨ ਕਦੇ ਇੱਕ ਵੀ ਸ਼ਬਦ ਨਹੀਂ ਬੋਲਿਆ। ਇਸ ਦੇ ਨਾਲ ਹੀ ਗੁਰਦਾਸਪੁਰ ਹਲਕੇ ’ਚੋਂ ਉਹ ਕਰੀਬ ਤਿੰਨ ਸਾਲ ਤੋਂ ਗ਼ੈਰ-ਹਾਜ਼ਰ ਦੱਸੇ ਜਾ ਰਹੇ ਹਨ। 









ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੀ ਸੰਸਦ ਵਿੱਚ ਹਾਜ਼ਰੀ 47 ਫ਼ੀਸਦੀ ਹੀ ਹੈ। ਲੋਕ ਸਭਾ ਮੈਂਬਰ ਹੰਸ ਰਾਜ ਹੰਸ ਦੀ ਹਾਜ਼ਰੀ ਵੀ 38 ਫ਼ੀਸਦੀ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੰਸਦ ਵਿੱਚ ਹਾਜ਼ਰੀ 63 ਫ਼ੀਸਦੀ ਹੈ।


ਕਾਬਿਲੇਗ਼ੌਰ ਹੈ ਕਿ ਸੰਨੀ ਦਿਓਲ ਦੀ ਫਿਲਮ ਗਦਰ 2 ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਇਸ ਵਿਚਾਵੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ 'ਗਦਰ 2' 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਬਾਅਦ ਫਿਲਮ ਦਾ ਗੀਤ ਮੈਂ ਨਿਕਲਾ ਗੱਡੀ ਲੈ ਕੇ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਹੁਣ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।