Chandigarh News: ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਹੋਣ ਵਾਲੀ ਹੈ। ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਕੈਬ ਡਰਾਈਵਰ 10 ਤੋਂ 15 ਅਗਸਤ ਤੱਕ ਹੜਤਾਲ 'ਤੇ ਰਹਿਣਗੇ। ਕੈਬ ਡਰਾਈਵਰਾਂ ਦੀ ਮੁੱਖ ਮੰਗ ਸੁਰੱਖਿਆ ਨੂੰ ਲੈ ਕੇ ਹੈ। ਕੈਬ ਡਰਾਈਵਰਾਂ ਨੇ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ 5 ਤੋਂ 6 ਡਰਾਈਵਰ ਮਾਰੇ ਜਾ ਚੁੱਕੇ ਹਨ।


ਇਸ ਤੋਂ ਇਲਾਵਾ ਕੈਬ ਡਰਾਈਵਰ ਪ੍ਰਾਈਵੇਟ ਕੰਪਨੀਆਂ ਵੱਲੋਂ ਲਏ ਜਾਣ ਵਾਲੇ ਕਮਿਸ਼ਨ ਨੂੰ ਘਟਾਉਣ ਦੀ ਵੀ ਮੰਗ ਕਰ ਰਹੇ ਹਨ। ਕੈਬ ਡਰਾਈਵਰ ਕੁਝ ਗੈਰ-ਕਾਨੂੰਨੀ ਕੰਪਨੀਆਂ ਵੱਲੋਂ ਸਰਵਿਸ ਦੇਣ ਦਾ ਵੀ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਅਜਿਹੀਆਂ ਕੰਪਨੀਆਂ ਕਾਰਨ ਹੀ ਡਰਾਈਵਰਾਂ ਨਾਲ ਇਹ ਹਾਦਸੇ ਵਾਪਰ ਰਹੇ ਹਨ। ਇਸ ਲਈ ਉਹ ਚੰਡੀਗੜ੍ਹ ਵਿੱਚ ਸੈਕਟਰ 25 ਦੇ ਰੈਲੀ ਮੈਦਾਨ ਵਿੱਚ ਭੁੱਖ ਹੜਤਾਲ ਕਰਨਗੇ।



ਇਸ ਹੜਤਾਲ ਕਰਕੇ ਟ੍ਰਾਈ ਸਿਟੀ ਦੇ ਕੰਮਕਾਜੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਓਲਾ, ਉਬਰ ਤੇ ਇਨਡਰਾਈਵਰ ਵਰਗੀਆਂ ਕੰਪਨੀਆਂ ਦੁਆਰਾ ਸੈਂਕੜੇ ਕੈਬ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਵਰਤੋਂ ਵੱਡੀ ਗਿਣਤੀ ਵਿੱਚ ਨੌਕਰੀਪੇਸ਼ਾ ਲੋਕਾਂ ਤੇ ਵਿਦਿਆਰਥੀਆਂ ਦੁਆਰਾ ਕੀਤੀ ਜਾਂਦੀ ਹੈ। ਮੁਹਾਲੀ ਸ਼ਹਿਰ ਵਿੱਚ ਸਿਟੀ ਬੱਸ ਸੇਵਾ ਨਾ ਹੋਣ ਕਾਰਨ ਇੱਥੇ ਆਵਾਜਾਈ ਦਾ ਇੱਕੋ-ਇੱਕ ਸਾਧਨ ਕੈਬ ਤੇ ਆਟੋ ਹੀ ਹਨ। ਅਜਿਹੇ 'ਚ ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਦੱਸ ਦਈਏ ਕਿ 31 ਜੁਲਾਈ ਨੂੰ ਧਰਮਪਾਲ ਨਾਂ ਦੇ ਡਰਾਈਵਰ ਦੀ ਮੌਤ ਹੋ ਗਈ ਸੀ। ਡਰਾਈਵਰ ਸੈਕਟਰ 43 ਦੇ ਬੱਸ ਸਟੈਂਡ ਤੋਂ ਸਵਾਰੀ ਲੈ ਕੇ ਆਇਆ ਸੀ। ਉਸ ਦੀ ਲਾਸ਼ ਮੁੱਲਾਪੁਰ ਦੇ ਨੇੜੇ ਮਿਲੀ ਸੀ। ਇਸ ਤੋਂ ਬਾਅਦ ਕੈਬ ਚਾਲਕਾਂ ਵਿੱਚ ਰੋਸ ਹੈ। ਧਰਮਪਾਲ ਦੇ ਕਤਲ ਦੇ ਮੁਲਜ਼ਮ ਰਾਜੂ ਕੁਮਾਰ ਨੂੰ ਪੁਲਿਸ ਨੇ ਮਾਨਸਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਕਾਰ ਲੁੱਟ ਕੇ ਲੈ ਜਾਣਾ ਚਾਹੁੰਦੇ ਸਨ। ਜਦੋਂ ਡਰਾਈਵਰ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਡਰਾਈਵਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।