ਚੰਡੀਗੜ੍ਹ: ਸਕੂਲ ਵਿੱਚ ਬੱਚਿਆਂ ਸਾਹਮਣੇ ‘ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ’ ਗੀਤ ਗਾ ਕੇ ਵਿਵਾਦਾਂ ਵਿੱਚ ਘਿਰੀ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਮਾਫੀ ਮੰਗ ਲਈ ਹੈ। ਅਫਸਾਨਾ ਖਾਨ ਨੇ ਵੀਡੀਓ ਪੋਸਟ ਕਰਕੇ ਇਸ ਬਾਰੇ ਸਫਾਈ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਬੱਚਿਆਂ ਦੀ ਡਿਮਾਂਡ 'ਤੇ ਹੀ ਗੀਤ ਗਾਇਆ ਸੀ।


ਦੱਸ ਦਈਏ ਕਿ ਲੰਬੀ ਹਲਕੇ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿੱਚ ਅਫਸਾਨਾ ਖਾਨ ਨੇ ਸਕੂਲੀ ਬੱਚਿਆਂ ਸਾਹਮਣੇ ‘ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ’ ਗੀਤ ਗਾਇਆ ਸੀ। ਮਾਮਲਾ ਸਾਹਮਣੇ ਆਉਣ ਮਗਰੋਂ ਅਫਸਾਨਾ ਖਾਨ ਦੀ ਬੜੀ ਅਲੋਚਨਾ ਹੋਈ ਹੈ। ਲੱਚਰ ਤੇ ਹਥਿਆਰਾਂ ਖਿਲਾਫ਼ ਮੁਹਿੰਮ ਵਿੱਢ ਚੁੱਕੇ ਪ੍ਰੋ. ਪੰਡਤ ਰਾਓ ਧਰੇਨਵਰ ਨੇ ਅਫਸਾਨਾ ਖਾਨ ਖਿਲਾਫ਼ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ। ਉਧਰ, ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਸਕੂਲ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਇਸ ਕਰਕੇ ਬਾਦਲ ਪਿੰਡ ਦੀ ਜੰਮਪਲ ਪੰਜਾਬੀ ਗਾਇਕਾ ਅਫਸਾਨਾ ਖਾਨ ਵਿਵਾਦਾਂ ਵਿੱਚ ਘਿਰ ਗਈ। ਸੋਸ਼ਲ ਮੀਡੀਆ ’ਤੇ ਅਫਸਾਨਾ ਖਾਨ ਦਾ ਮਾਮਲਾ ਭਖ ਗਿਆ। ਬਹੁਗਿਣਤੀ ਲੋਕ ਸਕੂਲ ’ਚ ਲੱਚਰ ਤੇ ਹਥਿਆਰਾਂ ਵਾਲੇ ਗੀਤ ਸੁਣਾਉਣ ਨੂੰ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਇਲਾਵਾ ਨਵੀਂ ਪੀੜ੍ਹੀ ਨੂੰ ਪੁੱਠੇ ਰਾਹ ਪਾਉਣ ਵਾਲਾ ਦੱਸ ਰਹੇ ਹਨ। ਹਾਲਾਂਕਿ ਕੁਝ ਲੋਕ ਮਾਮਲੇ ਨੂੰ ਬੇਵਜ੍ਹਾ ਤੂਲ ਦੇਣ ਦੇ ਹੱਕ ਵਿੱਚ ਨਹੀਂ।