ਚੰਡੀਗੜ੍ਹ: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਗਾਇਕ ਗੈਰੀ ਸੰਧੂ ਦੀ ਇੱਕ ਟਿੱਪਣੀ ਮਗਰੋਂ ਹੱਲ ਚੱਲ ਪੈਦਾ ਹੋ ਗਈ ਹੈ। ਦਰਅਸਲ, ਕੁਝ ਦਿਨ ਪਹਿਲਾਂ ਗੈਰੀ ਨੇ ਆਪਣੇ ਫੈਨਸ ਨੂੰ ਕਿਹਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਸੁਰ ਠੀਕ ਨਹੀਂ ਲੱਗ ਰਹੇ ਤੇ ਹੋ ਸਕਦਾ ਹੈ ਕਿ ਉਹ ਗਾਇਕੀ ਛੱਡ ਦੇਣ।
ਗੈਰੀ ਦੇ ਇਸ ਬਿਆਨ ਮਗਰੋਂ ਉਸ ਦੇ ਫੈਨਸ ਕਾਫੀ ਨਿਰਾਸ਼ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਉਸ ਦੇ ਫੈਨਸ ਵੱਖ-ਵੱਖ ਪ੍ਰਤੀਕਿਰਆ ਦੇ ਰਹੇ ਹਨ। ਇੱਕ ਫੈਨ ਨੇ ਕਿਹਾ ਕਿ ਜਿੰਨਾ ਮਰਜ਼ੀ ਮਾੜਾ ਗਾਓ, ਅਸੀਂ ਸੁਣ ਲਵਾਂਗੇ।
ਇਸ ਤੋਂ ਬਾਅਦ ਜੋ ਗੈਰੀ ਨੇ ਜਵਾਬ ਦਿੱਤਾ ਉਸ ਨੇ ਫੈਨਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ। ਗੈਰੀ ਨੇ ਕਿਹਾ, "ਓਕੇ ਬ੍ਰੋ, ਜਿੰਨਾ ਵੀ ਮਾੜਾ ਗਾਵਾਂ ਫੇਰ ਵੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂਵਾਲਾ ਤੇ ਹਰਮਨ ਚੀਮਾ ਜਿੰਨਾ ਮਾੜਾ ਵੀ ਨਹੀਂ ਗਾਉਂਦਾ...ਫੇਰ ਭਾਵੇਂ ਗੁੱਸਾ ਕਰ ਲੈਣ...ਬਹੁਤ ਚਿਰ ਦੀ ਗੱਲ ਦਿਲ ਵਿੱਚ ਸੀ।"
ਗੈਰੀ ਦੀ ਇਸ ਟਿੱਪਣੀ ਮਗਰੋਂ ਪਰਮੀਸ਼ ਵਰਮਾ ਤੇ ਗਗਨ ਕੋਕਰੀ ਭੜਕੇ ਉੱਠੇ ਤੇ ਸੋਸ਼ਲ ਮੀਡੀਆ ਤੇ ਗੈਰੀ ਨੂੰ ਜਵਾਬ ਦਿੱਤਾ।
ਪਰਮੀਸ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, "ਜਦੋਂ ਤੁਸੀਂ ਕਿਸੇ ਕਾਲੇ ਕੁੱਤੇ ਨੂੰ ਭੌਂਕਦੇ ਹੋਏ ਵੇਖੋ ਤਾਂ ਉਸ ਤੋਂ ਨਫ਼ਰਤ ਨਾ ਕਰੋ ਸਗੋਂ ਉਸ ਨਾਲ ਹਮਦਰਦੀ ਵਿਖਾਓ ਤੇ ਰੱਬ ਦਾ ਸ਼ੁਕਰ ਕਰੋ ਕਿ ਤੁਹਾਨੂੰ ਅਜਿਹਾ ਨਹੀਂ ਬਣਾਇਆ।"
ਗਗਨ ਕੋਕਰੀ ਵੀ ਗੈਰੀ ਨੂੰ ਜਵਾਬ ਦੇਣ ਤੋਂ ਪਿੱਛੇ ਨਹੀਂ ਰਹੇ, ਉਨ੍ਹਾਂ ਕਿਹਾ, "ਨੁਸਰਤ ਦਿਆ ਮੁੰਡਿਆ, ਉਹ ਜਿਹੜਾ ਰੱਬ ਉੱਪਰ ਬੈਠਾ, ਉਹ ਸੁਰੀਲਾ ਜਾਂ ਬੇਸੁਰਾ, ਖੂਬਸੂਰਤ ਜਾਂ ਬਦਸੂਰਤ ਵੇਖ ਕੇ ਨਹੀਂ ਦਿੰਦਾ, ਸੁਰੀਲਾ ਹੋ ਕੇ ਕੀ ਖੱਟਿਆ ਤੇ ਬੇਸੁਰੇ ਹੋ ਕੇ ਕੀ ਕਮਾਇਆ ਇਹ ਸਭ ਰੱਬ ਜਾਣਦਾ ਜਾਂ ਤੇਰਾ ਮੇਰਾ ਦਿਲ ਜਾਣਦਾ।"
ਉਨ੍ਹਾਂ ਅੱਗੇ ਕਿਹਾ ਕਿ ਇੱਥੇ ਵ੍ਹੀਲ ਚੇਅਰ ਵਾਲਾ ਵੀ ਕੰਮ ਕਰ ਰਿਹਾ ਤੇ ਹੱਥ ਪੈਰ ਚੱਲਣ ਵਾਲਾ ਵੀ ਵਿਹਲਾ ਬੈਠਾ...ਦੁਨੀਆਦਾਰੀ ਆ...., ਸੰਧੂ ਹੀ ਮੈਂ ਆ ਤੇ ਆਪਣੀ ਆਦਤ ਗੱਲ ਹੱਥ ਮਿਲਾ ਕੇ ਮੂੰਹ ਤੇ ਕਹਿਣ ਵਾਲੀ ਹੁੰਦੀ ਆ ਤੇ ਆਪਾਂ ਕਾਫੀ ਵਾਰ ਮਿਲੇ ਆ...."
ਕੋਕਰੀ ਨੇ ਇਹ ਵੀ ਕਿਹਾ, "ਬਾਕੀ ਜੇ ਕੋਈ ਹੋਰ ਵੀ ਚੀਜ਼ ਕਈ ਸਾਲਾਂ ਦੀ ਰਹਿ ਗਈ ਹੋਵੇ ਤਾਂ ਨੰਬਰ ਤੇਰੇ ਕੋਲ ਵੀ ਮੇਰੇ ਕੋਲ ਵੀ, ਪਿੰਡ ਤੈਨੂੰ ਵੀ ਪਤਾ, ਸੁਰ ਲਾ ਲੈਨੇ ਆ ਲਵਾ ਦਿੰਦੇ ਆ...ਦਰਬਾਰੀ ਰਾਗ ਦੇ...ਹੁਣ ਤੂੰ ਗੁੱਸਾ ਕਰਨਾ ਕਰਲੀ ਜਿਵੇਂ ਤੂੰ ਕਿਹਾ। "
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :