ਚੰਡੀਗੜ੍ਹ: ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ( Jaani) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਨੀ ਦਾ ਪਰਿਵਾਰ ਦੇਸ਼ ਛੱਡ ਚੁੱਕਾ ਹੈ ਅਤੇ ਹੁਣ ਜਾਨੀ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਚਿੱਠੀ ਲਿਖਕੇ ਸੁਰੱਖਿਆ ਦੀ ਮੰਗ ਕੀਤੀ ਹੈ।ਗੀਤਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਕਰਕੇ ਉਹ ਪੰਜਾਬ ਛੱਡ ਰਹੇ ਹਨ।


'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਜਾਨੀ ਦੇ ਮੈਨੇਜਰ ਦਿਲਰਾਜ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗੀ ਹੈ ਅਤੇ ਜਾਨੀ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।ਇਹ ਪੱਤਰ ਜਾਨੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਏਡੀਜੀਪੀ (ਸੁਰੱਖਿਆ) ਪੰਜਾਬ ਪੁਲਿਸ ਅਤੇ ਮੁਹਾਲੀ ਦੇ ਐਸਐਸਪੀ ਨੂੰ ਲਿਖਿਆ ਗਿਆ ਹੈ।ਪੱਤਰ ਵਿੱਚ ਜਾਨੀ ਨੇ ਲਿਖਿਆ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਲਈ ਕੰਮ ਕਰ ਰਹੇ ਹਨ। 


 

ਜਾਨੀ ਨੇ ਲਿਖਿਆ ਕਿ, "ਮੈਨੂੰ ਅਤੇ ਮੇਰੇ ਮੈਨੇਜਰ ਦਿਲਰਾਜ ਸਿੰਘ ਨੰਦਾ ਨੂੰ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਫੋਨ 'ਤੇ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਕਾਰਨ ਮੈਂ ਆਪਣੇ ਪਰਿਵਾਰ ਨੂੰ ਇੱਥੋਂ ਵਿਦੇਸ਼ ਸ਼ਿਫਟ ਕਰ ਲਿਆ ਹੈ।" ਜਾਨੀ ਨੇ ਇਸ ਪੱਤਰ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿਕਰ ਵੀ ਕੀਤਾ ਹੈ। ਉਸਨੇ ਕਿਹਾ, "ਆਪਣੇ ਕੰਮ ਕਾਰਨ ਕਈ ਵਾਰ ਮੈਨੂੰ ਸ਼ੂਟਿੰਗ ਲਈ ਬਾਹਰ ਜਾਣਾ ਪੈਂਦਾ ਹੈ। ਅਜਿਹੇ 'ਚ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ।"

 


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਸੂਬੇ 'ਚ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਜਿਨ੍ਹਾਂ ਵਿਚ ਕਈ ਸਿਆਸਤਦਾਨ ਤੇ ਪਾਲੀਵੁੱਡ ਕਲਾਕਾਰ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਛੱਡ ਚਲੇ ਗਏ ਸੀ।


 


ਇਸ ਸਬੰਧੀ ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਹਨ। 




ਜਿਸ ਕਰਕੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਮਾਨਸਿਕ ਤਣਾਅ ਚੋਂ ਗੁਜ਼ਰ ਰਿਹਾ ਹੈ। 




ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਜਾਨੀ ਦਾ ਮੋਹਾਲੀ `ਚ ਭਿਆਨਕ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਉਹ ਵਾਲ ਵਾਲ ਬਚ ਗਏ ਸੀ।