Crisil : ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਹੈ ਕਿ ਦੇਸ਼ 'ਚ 2022 ਦੇ ਸ਼ੁਰੂ 'ਚ ਪਾਰਾ ਚੜ੍ਹਨਾ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵਾਧੇ ਦਾ ਮੁੱਖ ਘਰੇਲੂ ਕਾਰਨ ਰਿਹਾ ਹੈ। ਏਜੰਸੀ ਨੇ 2021-22 ਦੇ ਮੁਕਾਬਲੇ ਮੌਜੂਦਾ ਵਿੱਤੀ ਸਾਲ 'ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਦਬਾਅ ਦੇ ਮੱਦੇਨਜ਼ਰ 2022-23 'ਚ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਦਰ 6.8 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 6.7 ਫ਼ੀਸਦੀ ਦੇ ਅਨੁਮਾਨ ਤੋਂ ਥੋੜ੍ਹਾ ਵੱਧ ਹੈ।
ਆਰਬੀਆਈ ਨੇ ਮਹਿੰਗਾਈ ਦਰ 'ਚ ਵਾਧੇ ਦਾ ਮੁੱਖ ਕਾਰਨ ਰੂਸ-ਯੂਕ੍ਰੇਨ ਜੰਗ ਅਤੇ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਨੂੰ ਦੱਸਿਆ ਹੈ। ਮਹਿੰਗਾਈ ਦਰ ਲਗਾਤਾਰ ਰਿਜ਼ਰਵ ਬੈਂਕ ਦੇ ਤਸੱਲੀਬਖਸ਼ ਪੱਧਰ (2 ਤੋਂ 6 ਫ਼ੀਸਦੀ) ਤੋਂ ਉੱਪਰ ਬਣੀ ਹੋਈ ਹੈ। ਮੌਜੂਦਾ ਸਮੇਂ 'ਚ ਖਪਤਕਾਰ ਮੁੱਲ ਸੂਚਕਾਂਕ 'ਚ ਖੁਰਾਕੀ ਵਸਤਾਂ ਦੀ ਹਿੱਸੇਦਾਰੀ 39 ਫ਼ੀਸਦੀ ਹੈ।
ਕੀ ਹੈ ਕ੍ਰਿਸਿਲ ਦੀ ਰਿਸਰਚ ਰਿਪੋਰਟ 'ਚ?
ਕ੍ਰਿਸਿਲ ਰਿਸਰਚ ਨੇ ਇਕ ਰਿਪੋਰਟ 'ਚ ਕਿਹਾ, "ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ ਦਾ ਮੁੱਖ ਕਾਰਨ ਸਪਲਾਈ ਦੀ ਕਮੀ ਹੈ। ਘੱਟ ਸਪਲਾਈ ਦਾ ਕਾਰਨ ਰੂਸ-ਯੂਕ੍ਰੇਨ ਜੰਗ ਦੇ ਨਾਲ-ਨਾਲ ਘਰੇਲੂ ਗਰਮੀ 'ਚ ਅਚਾਨਕ ਵਾਧਾ ਹੈ।" ਰੇਟਿੰਗ ਏਜੰਸੀ ਨੇ ਕਿਹਾ, "ਸਾਡਾ ਅਨੁਮਾਨ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਦਰ 6.8 ਫ਼ੀਸਦੀ ਰਹੇਗੀ। ਇਹ ਖੁਰਾਕ ਮਹਿੰਗਾਈ ਦੇ 7 ਫ਼ੀਸਦੀ ਦੇ ਪੱਧਰ 'ਤੇ ਰਹਿਣ ਦੇ ਅਨੁਮਾਨ 'ਤੇ ਆਧਾਰਿਤ ਹੈ।"
ਗਰਮੀ ਵਧਣ ਦਾ ਅਸਰ ਕਈ ਫਸਲਾਂ 'ਤੇ ਪਿਆ
ਰਿਪੋਰਟ ਮੁਤਾਬਕ ਮੁਦਰਾ ਨੀਤੀ ਕਮੇਟੀ ਦੇ ਸਾਹਮਣੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ ਵੱਡੀ ਚੁਣੌਤੀ ਹੈ। ਗਰਮੀ ਵਧਣ ਨਾਲ ਉੱਤਰ-ਪੱਛਮੀ ਅਤੇ ਮੱਧ ਭਾਰਤ 'ਚ ਔਸਤ ਤਾਪਮਾਨ 122 ਸਾਲਾਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਪਾਰਾ ਵਧਣ ਨਾਲ ਕਣਕ, ਮੂੰਗਫਲੀ, ਬਾਜਰਾ ਅਤੇ ਅੰਬ ਵਰਗੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਕ੍ਰਿਸਿਲ ਨੇ ਕਿਹਾ, "ਲੂ ਚੱਲਣਾ ਮੁੱਖ ਘਰੇਲੂ ਕਾਰਨ ਹੈ, ਜਿਸ ਕਾਰਨ ਇਸ ਸਾਲ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧੀਆਂ ਹਨ। ਇਹ 2020 ਦੇ ਆਰਬੀਆਈ ਅਧਿਐਨ ਵੱਲ ਇਸ਼ਾਰਾ ਕਰਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ 'ਚ ਭਾਰਤ ਲਈ ਖੁਰਾਕੀ ਮਹਿੰਗਾਈ 'ਤੇ ਜਲਵਾਯੂ ਪਰਿਵਰਤਨ ਦਾ ਵਿਆਪਕ ਆਰਥਿਕ ਪ੍ਰਭਾਵ ਅੰਕੜਾਤਮਕ ਤੌਰ 'ਤੇ ਮਹੱਤਵਪੂਰਨ ਰਿਹਾ ਹੈ।"