Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸ਼ੁਭਦੀਪ ਸਿੰਘ ਦੇ ਰਿਲੀਜ਼ ਹੋਏ ਨਵੇਂ ਗੀਤ ‘ਮੇਰਾ ਨਾਂ’ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਬੇਹਿਸਾਬ ਪਿਆਰ ਦਿੱਤਾ ਗਿਆ ਹੈ। ਇਹੀ ਗੱਲ ਉਨ੍ਹਾਂ ਲਈ ਸਭ ਤੋਂ ਵੱਡੀ ਹਿੰਮਤ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਵੱਡਾ ਭੰਡਾਰ ਉਨ੍ਹਾਂ ਕੋਲ ਹੈ ਤੇ ਪੜਾਅ ਦਰ ਪੜਾਅ ਇਹ ਗੀਤ ਰਿਲੀਜ਼ ਕੀਤੇ ਜਾਣਗੇ ਤਾਂ ਜੋ ਸ਼ੁਭਦੀਪ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਆਵਾਜ਼ ਸੁਣਦੀ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਹਾਲੇ ਕਾਨੂੰਨੀ ਪ੍ਰਕਿਰਿਆ ਵਿੱਚ ਹੈ, ਉਮੀਦ ਹੈ ਕਿ ਉਸ ਨੂੰ ਆਉਂਦੇ ਦਿਨਾਂ ਵਿੱਚ ਰਿਲੀਜ਼ ਕੀਤਾ ਜਾ ਸਕੇਗਾ।
ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਮੁੜ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਤੀਜਾ ਗੀਤ 'ਮੇਰਾ ਨਾਮ' ਲਾਂਚ ਕੀਤਾ ਗਿਆ। ਲੋਕਾਂ ਲਈ ਸਿੱਧੂ ਮੂਸੇਵਾਲਾ ਲਈ ਪਿਆਰ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੀਤ ਰਿਲੀਜ਼ ਹੁੰਦੇ ਹੀ ਵਿਊਜ਼ ਮਿਲੀਅਨਾਂ ਵਿੱਚ ਪਹੁੰਚ ਗਏ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ।
ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ 8 ਨਵੰਬਰ ਨੂੰ ਸਿੱਧੂ ਮੂਸੇਵਾਲਾ ਦਾ ਦੂਜਾ ਗੀਤ 'ਵਾਰ' ਲਾਂਚ ਕੀਤਾ ਗਿਆ ਸੀ। ਇਸ ਗੀਤ ਨੂੰ ਲਾਂਚ ਹੋਣ ਤੋਂ ਬਾਅਦ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਮਹਾਨ ਸਿੱਖ ਯੋਧੇ ਹਰੀ ਸਿੰਘ ਨਲਵਾ 'ਤੇ ਇਹ ਗੀਤ ਗਾਇਆ ਸੀ। ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ। ਮਹਾਨ ਯੋਧਾ ਹਰੀ ਸਿੰਘ ਨਲਵਾ ਨੇ ਪਠਾਣਾਂ ਵਿਰੁੱਧ ਕਈ ਲੜਾਈਆਂ ਦੀ ਅਗਵਾਈ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ ਸੀ।
ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਸਭ ਤੋਂ ਪਹਿਲਾ ਗੀਤ SYL 23 ਜੂਨ ਨੂੰ ਆਇਆ ਸੀ। ਇਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਜਾਣ ਕੇ ਹੈਰਾਨ ਹੋਓਗੇ ਕਿ ਇਸ ਗੀਤ ਨੂੰ 72 ਘੰਟਿਆਂ ਵਿੱਚ ਹੀ 27 ਮਿਲੀਅਨ ਵਿਊਜ਼ ਮਿਲ ਗਏ ਸੀ। ਇਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।
ਦਰਅਸਲ SYL ਮੁੱਦਾ ਅਜੇ ਵੀ ਪੰਜਾਬ ਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ਵਿੱਚ ਆ ਗਏ ਸੀ। ਜਟਾਣਾ ਨੇ ਚੰਡੀਗੜ੍ਹ 'ਚ ਦੋ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਗੀਤ ਅੱਜ ਵੀ ਵਿਦੇਸ਼ਾਂ 'ਚ ਖੂਬ ਸੁਣਿਆ ਜਾਂਦਾ ਹੈ।