Khan Saab Father Death: ਪੰਜਾਬੀ ਸੰਗੀਤ ਜਗਤ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਕਲਾਕਾਰਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਮਸ਼ਹੂਰ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (70) ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਖਾਨ ਸਾਬ੍ਹ ਦੇ ਪਿਤਾ ਫਗਵਾੜਾ ਵਿੱਚ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਅਤੇ ਉਨ੍ਹਾਂ ਦੀ ਉੱਥੇ ਹੀ ਜਾਨ ਨਿਕਲ ਗਈ। ਇਸ ਤੋਂ ਬਾਅਦ ਖਾਨ ਸਾਬ੍ਹ ਦੇ ਪਿਤਾ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਭੰਡਾਲ ਦੋਨਾ ਲੈ ਜਾਇਆ ਗਿਆ, ਜਿੱਥੇ ਅੱਜ ਦੁਪਹਿਰ 12 ਵਜੇ ਨਮਾਜ-ਏ-ਜਨਾਜ਼ਾ ਅਦਾ ਕੀਤਾ ਜਾਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ 25 ਸਤੰਬਰ ਨੂੰ ਦੇਹਾਂਤ ਹੋਇਆ ਸੀ। ਉਨ੍ਹਾਂ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਦੇਖ-ਰੇਖ ਹੇਠ ਸਨ। ਇਸ ਦੇ ਬਾਵਜੂਦ, ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪੰਜਾਬੀ ਕਲਾਕਾਰਾਂ ਨੇ ਜਤਾਇਆ ਸੋਗ
ਗਾਇਕ ਖਾਨ ਸਾਬ੍ਹ ਨੂੰ ਹੋਏ ਇਸ ਘਾਟੇ ਉੱਪਰ ਪੰਜਾਬੀ ਕਲਾਕਾਰਾਂ ਵੱਲੋਂ ਸੋਗ ਜਤਾਇਆ ਜਾ ਰਿਹਾ ਹੈ। ਉਨ੍ਹਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸ਼ੇਅਰ ਕੀਤੀਆਂ ਹਨ। ਗਾਇਕ ਜ਼ੈਜੀ ਬੀ ਨੇ ਲਿਖਿਆ, ਆ ਖਬਰ ਸੁਣ ਕੇ ਬਹੁਤ ਦਿਲ ਦੁਖਿਆ, ਹਾਲੇ ਥੋੜ੍ਹਾ ਚਿਰ ਪਹਿਲਾਂ ਖਾਨ ਸਾਬ੍ਹ ਦੀ ਮਾਂ ਉਹਨੂੰ ਛੱਡ ਕੇ ਚੱਲ ਗਈ ਤੇ ਹੁਣ ਬਾਪੂ ਵੀ, ਮੈਂ ਤੇਰਾ ਦਰਦ ਸਮਝ ਸਕਦਾ ਛੋਟੇ ਵੀਰ ਮੈਂ ਵੀ ਕਈ ਸਾਲ ਪਹਿਲਾਂ ਆਪਣੇ ਮਾਂ ਅਤੇ ਪਿਤਾ ਨੂੰ ਗੁਆ ਦਿੱਤਾ ਸੀ। ਮੈਨੂੰ ਪਤਾ ਤੂੰ ਆਪਣੇ ਮਾਤਾ-ਪਿਤਾ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਉਨ੍ਹਾਂ ਦੀ ਖੁਸ਼ੀ ਵਿੱਚ ਹੀ ਤੇਰੀ ਖੁਸ਼ੀ ਸੀ। ਵਾਹਿਗੁਰੂ ਜੀ ਅੱਗੇ ਅਰਦਾਸ ਹੈ, ਤੈਨੂੰ ਮਾਲਕ ਸਟ੍ਰੋਗ ਬਣਾਏ ਇਹ ਭਾਣਾ ਮੰਨਣ ਲਈ ...
ਗਾਇਕ ਹਰਫ ਚੀਮਾ ਨੇ ਪੋਸਟ ਸ਼ੇਅਰ ਕਰ ਲਿਖਿਆ, ਬਾਪ ਸਿਰਾਂ ਦਾ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ। ਅਜੇ ਕੱਲ ਦੀ ਗੱਲ ਆ @realkhansaab ਨਾਲ ਗੱਲ ਹੋ ਰਹੀ ਸੀ । ਬਾਈ ਕਹਿੰਦਾ ਹੁਣ ਬਾਪੂ ਦੀ ਸੇਵਾ ਕਰਨੀ ਆ ਮਾਂ ਤਾਂ ਚਲੀ ਗਈ । ਅੱਜ ਆਹ ਖਬਰ ਮਿਲਗੀ । ਰੱਬ ਹੀ ਵੈਰੀ ਬਣਿਆ ਪਿਆ ਕੀ ਕਰੀਏ ਬਾਈ 🙏🏻🙏🏻...
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਵੀ ਪੋਸਟ ਸ਼ੇਅਰ ਕੀਤੀ। ਉਨ੍ਹਾਂ ਲਿਖਿਆ, ਆਰਆਈਪੀ ਅੰਕਲ ਜੀ, ਖਾਨ ਸੱਚੀ ਦੱਸਾ ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਕਿ ਮੈਂ ਇਸ ਸਮੇਂ ਕੀ ਮਹਿਸੂਸ ਕਰ ਰਹੀ ਹੈਂ। ਇਹ ਬਹੁਤ ਦੁੱਖਦਾਈ ਹੈ, ਮੈਂ ਬਹੁਤ-ਬਹੁਤ ਪਰੇਸ਼ਾਨ ਤੇ ਨਿਰਾਸ਼ ਹਾਂ। ਕਾਸ਼ ਮੈਂ ਸੱਚਮੁੱਚ ਤੁਹਾਡਾ ਦਰਦ ਸਮਝ ਸਕਦੀ...ਰੱਬਾ ਆ ਬਹੁਤ ਗਲਤ ਹੋ ਗਿਆ। ਹੁਣੇ ਅੰਕਲ ਜੀ ਨੂੰ ਕਿਹਾ ਸੀ ਕਿ ਧਿਆਨ ਰੱਖਿਓ ਹੁਣ ਤੁਸੀ ਹੀ ਸਭ ਕੁਝ ਖਾਨ ਲਈ...ਰੱਬ ਹੌਸਲਾਂ ਦੇਵੇ ਆਹੀ ਕਹਿ ਸਕਦੀ ਆ...ਇਸ ਤੋਂ ਵੱਡਾ ਕੋਈ ਦੁੱਖ ਨਹੀਂ... ਹੱਥ ਕੰਬ ਰਹੇ ਆ ਲਿਖਦੇ ਹੋਏ...RIP Uncle ji
ਦੱਸ ਦੇਈਏ ਕਿ ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਵੱਲੋਂ ਖਾਨ ਸਾਬ੍ਹ ਦੇ ਪਿਤਾ ਦੀ ਮੌਤ ਉੱਪਰ ਦੁੱਖ ਜਤਾਇਆ ਗਿਆ ਹੈ। ਸਿੰਗਾ, ਸਚਿਨ ਆਹੁਜਾ, ਨਿਸ਼ਾ ਬਾਨੋ, ਹਰਫ ਚੀਮਾ ਸਣੇ ਹੋਰ ਕਈ ਕਲਾਕਾਰਾਂ ਵੱਲੋਂ ਸੋਗ ਪ੍ਰਗਟਾਵਾ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।