Punjabi Singer Shubhneet Singh: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਆਨਲਾਈਨ ਟਿਕਟ ਬੁਕਿੰਗ ਐਪ ਬੁੱਕ ਮਾਈ ਸ਼ੋਅ ਨੇ ਗਾਇਕ ਸ਼ੁਬਨੀਤ ਸਿੰਘ ਦੇ ਭਾਰਤ 'ਚ ਹੋਣ ਵਾਲੇ ਸਾਰੇ ਸਮਾਰੋਹ ਰੱਦ ਕਰ ਦਿੱਤੇ ਹਨ। ਬੁੱਕ ਮਾਈ ਸ਼ੋਅ ਨੇ ਇਹ ਕਦਮ ਸ਼ੁਬਨੀਤ ਸਿੰਘ ਦੀ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਚੁੱਕਿਆ ਹੈ।


ਬੁੱਕ ਮਾਈ ਸ਼ੋਅ ਨੇ ਐਕਸ ਤੇ ਦਿੱਤੀ ਜਾਣਕਾਰੀ  


ਇਸ ਬਾਰੇ 'ਚ ਬੁੱਕ ਮਾਈ ਸ਼ੋਅ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਗਾਇਕ ਸ਼ੁਬਨੀਤ ਸਿੰਘ ਦਾ 'ਸਟਿਲ ਰੋਲਿਨ ਟੂਰ ਫਾਰ ਇੰਡੀਆ' ਰੱਦ ਕਰ ਦਿੱਤਾ ਗਿਆ ਹੈ। ਬੁੱਕ ਮਾਈ ਸ਼ੋਅ ਨੇ ਉਨ੍ਹਾਂ ਸਾਰਿਆਂ ਖਪਤਕਾਰਾਂ ਨੂੰ ਟਿਕਟਾਂ ਦੀ ਪੂਰੀ ਰਕਮ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਖਰੀਦੀਆਂ ਸਨ। ਸਾਰਿਆਂ ਨੂੰ ਇਹ ਰਿਫੰਡ ਸੱਤ ਤੋਂ ਦਸ ਦਿਨਾਂ ਵਿੱਚ ਮਿਲ ਜਾਵੇਗਾ।


ਗਾਇਕ ਦੀ ਇੰਸਟਾਗ੍ਰਾਮ ਪੋਸਟ ਕਾਰਨ ਸ਼ੋਅ ਰੱਦ  



ਇਸ ਤੋਂ ਪਹਿਲਾਂ ਐਕਸ 'ਤੇ #UninstallBookMyShow ਟ੍ਰੈਂਡ ਕਰ ਰਿਹਾ ਸੀ। ਐਪ 'ਤੇ ਇਹ ਦੋਸ਼ ਲਗਾਇਆ ਜਾ ਰਿਹਾ ਸੀ ਉਹ ਅਜਿਹੇ ਗਾਇਕ ਨੂੰ ਇੰਡੀਆ ਵਿੱਚ ਬੁਲਾ ਰਿਹਾ ਹੈ ਜੋ ਦੂਜੇ ਦੇਸ਼ ਵਿੱਚ ਬੈਠ ਕੇ ਭਾਰਤ ਦੀ ਵੰਡ ਦੀ ਗੱਲ ਕਰ ਰਿਹਾ ਹੈ। ਦਰਅਸਲ, ਸ਼ੁਭਨੀਤ ਦਾ ਇਹ ਕੰਸਰਟ 23 ਤੋਂ 25 ਸਤੰਬਰ ਦਰਮਿਆਨ ਮੁੰਬਈ ਦੇ ਕੋਰਡੇਲੀਆ ਕਰੂਜ਼ 'ਤੇ ਹੋਣਾ ਸੀ। ਪਰ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਪੋਸਟ ਕਰਨਾ ਗਾਇਕ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਦੇ ਸਾਰੇ ਸ਼ੋਅ ਰੱਦ ਹੋ ਗਏ।






ਸ਼ੁਭਨੀਤ ਨੇ ਪੋਸਟ ਸ਼ੇਅਰ ਕਰਨ ਤੋਂ ਬਾਅਦ ਇਹ ਲਿਖਿਆ 


ਸ਼ੁਭਨੀਤ ਨੇ ਆਪਣੀ ਪੋਸਟ ਵਿੱਚ ਭਾਰਤ ਦਾ ਗਲਤ ਨਕਸ਼ਾ ਅਪਲੋਡ ਕੀਤਾ ਸੀ। ਜਿਸ ਵਿੱਚ ਦੇਸ਼ ਦੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ, ਪੰਜਾਬ ਅਤੇ ਉੱਤਰ-ਪੂਰਬੀ ਰਾਜ ਸ਼ਾਮਲ ਨਹੀਂ ਸਨ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਪੰਜਾਬ ਲਈ ਪ੍ਰਾਰਥਨਾ ਕਰੋ।' ਜਿਸ ਤੋਂ ਬਾਅਦ ਕੇਂਦਰ 'ਚ ਸੱਤਾਧਾਰੀ ਭਾਜਪਾ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਨੇ ਸਿੰਗਰ ਦੀ ਪੋਸਟ ਨੂੰ ਲੈ ਕੇ ਹੰਗਾਮਾ ਕੀਤਾ ਅਤੇ ਉਸ 'ਤੇ ਖਾਲਿਸਤਾਨ ਦਾ ਸਮਰਥਨ ਕਰਨ ਦਾ ਦੋਸ਼ ਵੀ ਲਗਾਇਆ।


ਕੌਣ ਹੈ ਸ਼ੁਭਨੀਤ?
 
ਦੱਸ ਦੇਈਏ ਕਿ ਸ਼ੁਭਨੀਤ ਸਿੰਘ ਦਾ ਜਨਮ ਪੰਜਾਬ ਵਿੱਚ ਹੋਇਆ। ਇਨ੍ਹੀਂ ਦਿਨੀਂ ਉਹ ਕੈਨੇਡਾ ਵਿਚ ਰਹਿ ਰਿਹਾ ਹੈ। ਇਹ ਗਾਇਕ ਆਪਣੇ ਪ੍ਰਸ਼ੰਸਕਾਂ 'ਚ ਸ਼ੁਭ ਦੇ ਨਾਂ ਨਾਲ ਮਸ਼ਹੂਰ ਹੈ। ਪਰ ਹੁਣ ਗਾਇਕ ਸ਼ੁਭ ਗਿੱਲ ਨੂੰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਕ੍ਰਿਕਟਰ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੀ ਬੇਬਾਕ ਕੁਈਨ ਕੰਗਨਾ ਨੇ ਵੀ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਹੈ।