ਚੰਡੀਗੜ੍ਹ: ਗਾਇਕ ਗੁਰਦਾਸ ਮਾਨ (Gurdas Maan) ਵਿਰੁੱਧ ਨਕੋਦਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਕਤ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਚਣ ਲਈ ਉਨ੍ਹਾਂ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਇਹ ਪਟੀਸ਼ਨ ਸੋਮਵਾਰ ਨੂੰ ਹਾਈ ਕੋਰਟ ਰਜਿਸਟਰੀ 'ਚ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਛੇਤੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਗੁਰਦਾਸ ਮਾਨ ਨੇ ਇਸ ਮਾਮਲੇ 'ਚ ਜਲੰਧਰ ਜ਼ਿਲ੍ਹਾ ਅਦਾਲਤ 'ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ 8 ਸਤੰਬਰ ਨੂੰ ਰੱਦ ਕਰ ਦਿੱਤਾ ਸੀ। ਜ਼ਿਲ੍ਹਾ ਅਦਾਲਤ ਤੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹੁਣ ਗੁਰਦਾਸ ਮਾਨ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤ ਦੀ ਬੇਨਤੀ ਕੀਤੀ ਹੈ।
ਦੱਸ ਦੇਈਏ ਕਿ ਜਲੰਧਰ ਦੇ ਨਕੋਦਰ 'ਚ ਡੇਰਾ ਬਾਬਾ ਮੁਰਾਦ ਸ਼ਾਹ ਦੇ ਡੇਰੇ ਵਿੱਚ ਆਯੋਜਿਤ ਮੇਲੇ ਦੌਰਾਨ ਉਨ੍ਹਾਂ ਨੇ ਸਿੱਖ ਗੁਰੂ ਸ੍ਰੀ ਅਮਰਦਾਸ ਜੀ ਤੇ ਲਾਡੀ ਸਾਈਂ ਜੀ ਨੂੰ ਇੱਕੋ ਵੰਸ਼ ਦੇ ਹੋਣ ਦੀ ਗੱਲ ਕਹੀ ਸੀ। ਉਦੋਂ ਤੋਂ ਗੁਰਦਾਸ ਮਾਨ ਵਿਵਾਦਾਂ 'ਚ ਘਿਰ ਗਏ ਸਨ। 26 ਅਗਸਤ ਨੂੰ ਨਕੋਦਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਉਸ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਨਾਰਾਜ਼ ਸਿੱਖ ਜੱਥੇਬੰਦੀਆਂ ਨੇ ਗੁਰਦਾਸ ਮਾਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ-ਦਿੱਲੀ ਹਾਈਵੇ ਜਾਮ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਗੁਰਦਾਸ ਮਾਨ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਹਾਲਾਂਕਿ ਗੁਰਦਾਸ ਮਾਨ ਨੇ ਇਸ ਮਾਮਲੇ 'ਚ ਮਾਫ਼ੀ ਮੰਗ ਲਈ ਹੈ। ਧਰਨੇ 'ਤੇ ਬੈਠੀ ਸੰਗਤ ਨੇ ਕਿਹਾ ਕਿ ਉਹ ਉਦੋਂ ਤਕ ਧਰਨਾ ਨਹੀਂ ਚੁੱਕਣਗੇ, ਜਦੋਂ ਤਕ ਕੇਸ ਦਰਜ ਨਹੀਂ ਹੋ ਜਾਂਦਾ। ਗੁਰਦਾਸ ਮਾਨ ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਦੁਬਾਰਾ ਟਕਰਾਅ, ਗਾਜ਼ਾ ਪੱਟੀ 'ਤੇ ਤਾਬੜਤੋੜ ਰਾਕੇਟ ਦਾਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin