ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਆਖਰੀ ਫ਼ਿਲਮ 'ਸਾਡੇ ਆਲੇ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 29 ਅਪ੍ਰੈਲ, 2022 ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਹ ਜਾਣਕਾਰੀ ਦਿੱਤੀ ਹੈ। ਬਦਕਿਸਮਤੀ ਨਾਲ ਦੀਪ ਦਾ ਫਰਵਰੀ ਮਹੀਨੇ 'ਚ ਹੀ ਇੱਕ ਦੁਖਦਾਈ ਕਾਰ ਦੁਰਘਟਨਾ ਕਾਰਨ ਦਿਹਾਂਤ ਹੋ ਗਿਆ ਸੀ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਹਾਲਾਂਕਿ ਅਭਿਨੇਤਾ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਰ ਉਸ ਨੇ ਅਦਾਕਾਰੀ ਵਿੱਚ ਕਰੀਅਰ ਬਣਾਇਆ। ਸਾਲ 2015 ਵਿੱਚ ਉਸ ਨੇ ਐਕਸ਼ਨ ਵਿੱਚ 'ਰਮਤਾ ਜੋਗੀ' ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ ਅਦਾਕਾਰ ਨੇ ਫਿਲਮ 'ਜ਼ੋਰਾ 10 ਨੰਬਰੀਆ' ਨਾਲ ਪ੍ਰਸਿੱਧੀ ਹਾਸਲ ਕੀਤੀ। ਪੰਜਾਬੀ ਫ਼ਿਲਮ ਇੰਡਸਟਰੀ ਦਾ ਇਹ ਉੱਭਰਦਾ ਕਲਾਕਾਰ ਬਹੁਤ ਛੋਟੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਕਿਸਾਨ ਅੰਦੋਲਨ ਦੌਰਾਨ ਚਰਚਾ 'ਚ ਆਏ ਸੀ ਦੀਪ ਸਿੱਧੂ
ਅਭਿਨੇਤਾ ਦੀਪ ਸਿੱਧੂ ਅਚਾਨਕ ਉਸ ਸਮੇਂ ਸੁਰਖੀਆਂ ਵਿੱਚ ਆਏ ਸੀ, ਜਦੋਂ ਕਿਸਾਨ ਅੰਦੋਲਨ ਦੌਰਾਨ ਇੱਕ ਪੁਲਿਸ ਅਧਿਕਾਰੀ ਨਾਲ ਉਨ੍ਹਾਂ ਦੀ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਇਸ ਦਿਨ ਰਿਲੀਜ਼ ਹੋਵੇਗੀ ਇਹ ਫ਼ਿਲਮ
ਅਭਿਨੇਤਾ ਦੀਪ ਸਿੱਧੂ ਦੇ ਫ਼ੈਨਜ ਲਈ ਇਹ ਖੁਸ਼ੀ ਤੇ ਗਮੀ ਦੋਵੇਂ ਹੀ ਹੈ ਕਿਉਂਕਿ ਉਨ੍ਹਾਂ ਦੀ ਆਖਰੀ ਫ਼ਿਲਮ 'ਸਾਡੇ ਆਲੇ ਦੀ ਰਿਲੀਜ਼ ਡੇਟ ਆ ਚੁੱਕੀ ਹੈ ਪਰ ਉਹ ਇਸ ਦੁਨੀਆ 'ਚ ਨਹੀਂ ਰਹੇ। ਅਭਿਨੇਤਾ ਦੀਪ ਸਿੱਧੀ ਦੀ ਆਖਰੀ ਫ਼ਿਲਮ 'ਸਾਡੇ ਆਲੇ -ਦ ਸਾਗਾ ਆਫ ਪਿਆਰ ਔਰ ਵੈਂਡੇਟਾ' 29 ਅਪ੍ਰੈਲ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਫ਼ਿਲਮ 'ਸਾਡੇ ਆਲੇ' ਜਤਿੰਦਰ ਮੌਹਰ ਦੁਆਰਾ ਡਾਇਰੈਕਟ ਕੀਤੀ ਗਈ ਹੈ ਤੇ ਮਨਦੀਪ ਸਿੱਧੂ ਤੇ ਸੁਮੀਤ ਸਿੰਘ ਦੀ ਪ੍ਰੋਡਕਸ਼ਨ 'ਚ ਇਹ ਫਿਲਮ ਬਣੀ ਹੈ। ਫ਼ਿਲਮ 'ਚ ਦੀਪ ਸਿੱਧੂ ਮੁੱਖ ਭੂਮਿਕਾ 'ਚ ਹੈ ਤੇ ਨਾਲ ਲੀਡ ਐਕਟ੍ਰੇਸ ਤੇ ਤੌਰ 'ਤੇ ਅੰਮ੍ਰਿਤ ਔਲਖ ਹੈ। ਇਸ ਤੋਂ ਇਲਾਵਾ ਇਸ ਫਿਲਮ ਚ ਗੁੱਗੂ ਗਿੱਲ, ਮਹਾਵੀਰ ਭੁੱਲਰ, ਸੁਖਦੀਪ ਸੁਖ ਅਹਿਮ ਭੂਮਿਕਾ ਨਿਭਾ ਰਹੇ ਹਨ।