Inderjit Nikku Controversy: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਮੁੜ ਵਿਵਾਦਾਂ ਵਿੱਚ ਘਿਰ ਗਿਆ ਹੈ। ਇੰਦਰਜੀਤ ਨਿੱਕੂ ਲੰਘੇ ਦਿਨ ਮੁੜ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਪਹੁੰਚਿਆ ਤੇ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਸਿੱਖਾਂ ਬਾਰੇ ਕੁਝ ਬੋਲਣ ਲਈ ਕਿਹਾ। ਅੱਗੋਂ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਦਿੱਤਾ ਜਿਸ ਮਗਰੋਂ ਸਿੱਖ ਭੜਕ ਗਏ। ਸਿੱਖਾਂ ਵੱਲੋਂ ਜਿੱਥੇ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਗਾਇਕ ਇੰਦਰਜੀਤ ਨਿੱਕੂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 



ਇਸ ਦਾ ਸੋਸ਼ਲ ਮੀਡੀਆ ਉਪਰ ਕਾਫੀ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ 'ਤੇ ਨਾਰਾਜ਼ਗੀ ਜਤਾਈ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਕਿਸੇ ਧਰਮ ਨੂੰ ਨਿਸ਼ਾਨਾ ਬਣਾ ਕੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਇਹ ਸਪੱਸ਼ਟ ਕਰਦੇ ਹਨ ਕਿ ਨਿੱਕੂ ਸਿੱਖ ਧਰਮ ਦਾ ਨੁਮਾਇੰਦਾ ਨਹੀਂ। ਸਾਰੇ ਧਰਮ ਇੱਕੋ ਜਿਹੇ ਨਹੀਂ ਹੋ ਸਕਦੇ। ਸਿੱਖ ਧਰਮ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ। ਇੱਥੇ ਨਿੱਕੂ ਨੇ ਇਸ ਦੌਰਾਨ ਸ਼ਾਸਤਰੀ ਨੂੰ ਕਿਹਾ ਕਿ ਉਹ ਸਮੁੱਚੇ ਸਿੱਖ ਭਾਈਚਾਰੇ ਦੀ ਤਰਫੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ।



ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਬਾਰੇ ਲਿਖਿਆ- "ਮੈਂ ਹਮੇਸ਼ਾ ਆਪਣੇ ਸਿੱਖ ਧਰਮ ਦਾ ਸਤਿਕਾਰ ਕੀਤਾ ਹੈ ਤੇ ਕਰਦਾ ਰਹਾਂਗਾ।" ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਗੁਰੂ ਸਾਹਿਬ ਸਭ ਤੋਂ ਉੱਪਰ ਹਨ। ਹਾਲਾਂਕਿ ਬਾਬੇ ਦੇ ਸਾਹਮਣੇ ਬੋਲਦਿਆਂ ਨਿੱਕੂ ਨੇ ਕਿਹਾ ਕਿ ਜੋ ਲੋਕ ਮੇਰਾ ਵਿਰੋਧ ਕਰਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਗੇਸ਼ਵਰ ਧਾਮ 'ਚ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ।



ਦੱਸ ਦਈਏ ਕਿ ਪੰਜਾਬੀ ਗਾਇਕ ਨਿੱਕੂ ਕੁਝ ਮਹੀਨੇ ਪਹਿਲਾਂ ਬਾਗੇਸ਼ਵਰ ਧਾਮ ਗਿਆ ਸੀ। ਉੱਥੇ ਨਿੱਕੂ ਨੇ ਕਿਹਾ ਕਿ ਉਸ ਦਾ ਕੰਮ ਨਹੀਂ ਚੱਲ ਰਿਹਾ। ਜਦੋਂ ਇਸ ਦੀ ਵੀਡੀਓ ਸਾਹਮਣੇ ਆਈ ਤਾਂ ਸਿੱਖ ਧਰਮ ਵਿੱਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਸਿੱਖਾਂ ਨੇ ਦਲੀਲ ਦਿੱਤੀ ਕਿ ਸਾਡੇ ਧਰਮ ਅਨੁਸਾਰ ਸਿੱਖ ਕਿਸੇ ਦੇਹਧਾਰੀ ਗੁਰੂ ਅੱਗੇ ਸਿਰ ਨਹੀਂ ਝੁਕਾ ਸਕਦਾ। ਹਾਲਾਂਕਿ ਕੁਝ ਸਿੱਖ ਕਲਾਕਾਰਾਂ ਨੇ ਨਿੱਕੂ ਦਾ ਸਮਰਥਨ ਵੀ ਕੀਤਾ ਤੇ ਉਨ੍ਹਾਂ ਦੇ ਸ਼ੋਅ ਚੱਲਣ ਲੱਗੇ। ਇਸ ਤੋਂ ਬਾਅਦ ਨਿੱਕੂ ਹੁਣ ਫਿਰ ਬਾਗੇਸ਼ਵਰ ਧਾਮ ਗਿਆ ਜਿਸ 'ਚ ਉਸ ਨੇ ਪੰਜਾਬ 'ਚ ਰੋਸ ਦੇ ਇਸੇ ਮੁੱਦੇ 'ਤੇ ਧੀਰੇਂਦਰ ਸ਼ਾਸਤਰੀ ਨਾਲ ਗੱਲ ਕੀਤੀ।


Read More: Inderjit Nikku: ਇੰਦਰਜੀਤ ਨਿੱਕੂ ਟ੍ਰੋਲਰਸ ਦੇ ਨਿਸ਼ਾਨੇ 'ਤੇ, ਬਾਬਾ ਬਾਗੇਸ਼ਵਰ ਧਾਮ 'ਚ ਜੈਕਾਰੇ ਲਾਉਂਦੇ ਦੇਖ ਬੋਲੇ ਲੋਕ- 'ਲਾਹਨਤ ਆ ਨਿੱਕੂ ਤੇ'