Anmol Gagan Mann Wedding: ਅਨਮੋਲ ਗਗਨ ਮਾਨ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨਮੋਲ ਗਗਨ ਮਾਨ ਨੇ ਸਿਆਸਤ ਵਿੱਚ ਵੀ ਆਪਣੇ ਨਾਂਅ ਦੇ ਝੰਡੇ ਗੱਡੇ। ਦੱਸ ਦੇਈਏ ਕਿ ਫਿਲਹਾਲ ਪੰਜਾਬ ਦੇ ਸੈਰ-ਸਪਾਟਾ ਮੰਤਰੀ ਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਉਹ ਜਲਦ ਹੀ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਏਗੀ। ਇਸ ਵਿਚਾਲੇ ਅਸੀ ਤੁਹਾਨੂੰ ਅਨਮੋਲ ਗਗਨ ਮਾਨ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਆਖਿਰ ਉਨ੍ਹਾਂ ਗਾਇਕੀ ਵਿਚਾਲੇ ਕਿਵੇਂ ਸਿਆਸਤ ਦਾ ਰਸਤਾ ਚੁਣਿਆ।
ਜਾਣੋ ਅਨਮੋਲ ਗਗਨ ਮਾਨ ਦਾ ਪੂਰਾ ਨਾਂਅ ਕੀ...?
ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦਾ ਪੂਰਾ ਨਾਂ ਗਗਨਦੀਪ ਕੌਰ ਮਾਨ ਹੈ। ਉਨ੍ਹਾਂ ਦਾ ਜਨਮ ਮਾਨਸਾ 'ਚ 1990 'ਚ ਹੋਇਆ। ਮਾਨ ਨੇ ਚੰਡੀਗੜ੍ਹ ਤੋਂ ਸਕੂਲੀ ਪੜ੍ਹਾਈ ਕੀਤੀ ਹੈ। ਉਨ੍ਹਾਂ ਸੰਗੀਤ ਅਤੇ ਸਾਈਕੋਲੋਜੀ ਵਿੱਚ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਮਾਡਲਿੰਗ ਵਿੱਚ ਕਰੀਅਰ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਇੰਗਲੈਂਡ ਵਿੱਚ ਵਿਸ਼ਵ ਲੋਕ ਨਾਚ ਮੁਕਾਬਲੇ ਦਾ ਖਿਤਾਬ ਵੀ ਆਪਣੇ ਨਾਂਅ ਕੀਤਾ। ਖਾਸ ਗੱਲ ਇਹ ਹੈ ਕਿ ਉਨ੍ਹਾਂ ਭਾਰਤ ਵਿੱਚ ਕਈ ਰਾਸ਼ਟਰੀ ਅਤੇ ਖੇਤਰੀ ਸੰਗੀਤ ਮੁਕਾਬਲਿਆਂ ਵਿੱਚ ਭਾਗ ਲਿਆ ਹੈ ਅਤੇ ਜਿੱਤਿਆ ਹੈ।
ਗਾਇਕਾ, ਡਾਂਸਰ ਹੋਣ ਦੇ ਨਾਲ-ਨਾਲ ਵਧੀਆ ਸੰਗੀਤਕਾਰ...
ਦੱਸ ਦੇਈਏ ਕਿ ਅਨਮੋਲ ਗਗਨ ਮਾਨ ਨਾ ਸਿਰਫ ਇੱਕ ਡਾਂਸਰ ਅਤੇ ਗਾਇਕ ਬਲਕਿ ਇੱਕ ਵਧੀਆ ਸੰਗੀਤਕਾਰ, ਕਵਿਤਾ-ਲੇਖਕ ਅਤੇ ਗੀਤਕਾਰ ਵੀ ਹੈ। ਉਨ੍ਹਾਂ ਨੇ ਸਾਲ 2013 ਵਿੱਚ ਮਿਸ ਵਰਲਡ ਪੰਜਾਬਣ ਵਿੱਚ ਮਿਸ ਮੋਹਾਲੀ ਪੰਜਾਬਣ ਦਾ ਤਾਜ ਵੀ ਜਿੱਤਿਆ ਸੀ। ਇਸ ਤੋਂ ਬਾਅਦ ਗਾਇਕੀ ਵੱਲ ਰੁੱਖ ਕਰਦੇ ਹੋਏ ਅਨਮੋਲ ਗਗਨ ਮਾਨ ਨੇ 2014 'ਚ ਡੈਬਿਊ ਗੀਤ 'ਰੋਇਲ ਜੱਟੀ' ਨਾਲ ਸੰਗੀਤ ਜਗਤ ਵਿੱਚ ਕਦਮ ਰੱਖਿਆ। "ਕੁੰਡੀ ਮੁੱਛ, ਕਾਲਾ ਸ਼ੇਰ, ਪਤੰਦਰ, ਮਾਂ," ਅਜਿਹੇ ਕਈ ਗੀਤਾਂ ਨਾਲ ਅਨਮੋਲ ਦੇ ਪੰਜਾਬੀਆਂ ਵਿਚਾਲੇ ਖੂਬ ਨਾਂਅ ਖੱਟਿਆ।
ਜਾਣੋ ਗਾਇਕੀ ਤੋਂ ਸਿਆਸਤ 'ਚ ਕਿਵੇਂ ਰੱਖਿਆ ਕਦਮ...?
ਸਾਲ 2020 ਵਿੱਚ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਕਦਮ ਰੱਖਿਆ। ਇਸ ਦੌਰਾਨ ਉਨ੍ਹਾਂ ਪਾਰਟੀ ਲਈ ਡੱਟ ਕੇ ਪ੍ਰਚਾਰ ਕੀਤਾ। ਇਹੀ ਨਹੀਂ ਬਲਕਿ ਪਾਰਟੀ ਲਈ ਕਈ ਗੀਤ ਗਾਏ, ਜਿਨ੍ਹਾਂ ਵਿੱਚ "ਭਗਤ ਸਿੰਘ, ਕਰਤਾਰ ਸਰਾਭਾ ਸਾਰੇ ਹੀ ਬਨ ਚਲੇ, ਭਾਈ ਹੂੰ ਜਾਗੋ ਅਈਆਂ, ਸਰਕਾਰ ਬਦਲਾਂ ਚਲੀ, ਭਾਈ ਹੂੰ ਜਾਗੋ ਅਈਆਂ" ਸ਼ਾਮਲ ਹਨ। ਉਨ੍ਹਾਂ ਦੀ ਪਾਰਟੀ ਲਈ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਉਨ੍ਹਾਂ ਨੂੰ ਪਾਰਟੀ ਵੱਲੋਂ ਖਰੜ ਹਲਕੇ ਦਾ ਇੰਚਾਰਜ ਵੀ ਲਾਇਆ ਗਿਆ ਸੀ, ਜਿਸ ਪਿੱਛੋਂ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਖਰੜ ਹਲਕੇ ਤੋਂ ਟਿਕਟ ਦਿੱਤੀ।
ਸਿਆਸੀ ਪਾਰੀ ਖੇਡਣ 'ਚ ਹੋਈ ਕਾਮਯਾਬ, ਜਿੱਤੀ ਚੋਣ
ਦੱਸਣਯੋਗ ਹੈ ਕਿ ਉਨ੍ਹਾਂ ਚੋਣਾਂ ਵਿੱਚ ਆਪਣੇ ਵਿਰੋਧੀ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਲਗਭਗ 37718 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀਆਂ। ਇਸ ਚੋਣ ਵਿੱਚ ਅਨਮੋਲ ਗਗਨ ਨੂੰ 78067 ਵੋਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਉਹ ਵਿਧਾਨ ਸਭਾ ਚੋਣ ਜਿੱਤਣ ਵਾਲੇ ਸਭ ਤੋਂ ਨੌਜਵਾਨ ਆਗੂਆਂ ਵਿਚੋਂ ਇੱਕ ਸੀ। ਦੱਸ ਦੇਈਏ ਕਿ ਅਨੋਮਲ ਗਗਨ ਮਾਨ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ 16 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਏਗੀ।