Kulhad Pizza Couple Controversy: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ (Kulhad Pizza Couple) ਇੱਕ ਵਾਰ ਫਿਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਜੋੜੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਹਾਲ ਹੀ ਵਿੱਚ ਬਾਬਾ ਬੁੱਢਾ ਗਰੁੱਪ ਦੇ ਨਿਹੰਗ ਸਿੰਘਾਂ ਵੱਲੋਂ ਕੁੱਲ੍ਹੜ ਪੀਜ਼ਾ ਦੀ ਦੁਕਾਨ ‘ਤੇ ਕਾਫੀ ਹੰਗਾਮਾ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਗਈ ਹੈ।
ਕੁੱਲ੍ਹੜ ਪੀਜ਼ਾ ਕਪਲ ਨੇ ਸ਼ੇਅਰ ਕੀਤੀ ਇੱਕ ਹੋਰ ਵੀਡੀਓ
ਇਸ ਵੀਡੀਓ ਵਿੱਚ ਨਿਹੰਗ ਸਿੰਘ ਕਾਂਡ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ (Kulhad Pizza Couple) ਸਹਿਜ ਅਰੋੜਾ ਨੇ ਕਿਹਾ ਕਿ ਉਹ ਜਲਦੀ ਹੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਪੁੱਛਣਗੇ ਕਿ ਉਨ੍ਹਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੈ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦੇ ਹਨ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ
ਦਰਅਸਲ, ਉਨ੍ਹਾਂ ਕਿਹਾ ਕਿ ਜੇਕਰ ਸਹਿਜ ਅਰੋੜਾ ਵੀਡੀਓ ਬਣਾਉਣਾ ਚਾਹੁੰਦੇ ਹਨ ਤਾਂ ਉਹ ਬਿਨਾਂ ਦਸਤਾਰ ਦੇ ਬਣਾਉਣ ਕਿਉਂਕਿ ਉਨ੍ਹਾਂ ਦੀ ਇਹ ਕਾਰਵਾਈ ਸਿੱਖ ਕੌਮ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋੜੇ ਨੂੰ ਸਿੱਖ ਕੌਮ ਦੀ ਕੋਈ ਬਦਨਾਮੀ ਨਜ਼ਰ ਨਹੀਂ ਆਉਂਦੀ। ਜੇਕਰ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਵੱਲੋਂ ਅਸ਼ਲੀਲ ਵੀਡੀਓ ਵਾਇਰਲ ਕੀਤੀ ਗਈ ਹੈ ਤਾਂ ਉਸ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਨਾਲ ਹੀ ਨਿਹੰਗ ਸਿੰਘਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੁੱਲ੍ਹੜ ਪੀਜ਼ਾ ਜੋੜੇ ਨੇ ਹੁਣ ਆਪਣੇ ਬੱਚੇ ਨੂੰ ਵੀਡੀਓ ਵਿੱਚ ਲਿਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਨਿੰਦਣਯੋਗ ਹੈ।
ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕੁੱਲ੍ਹੜ ਪੀਜ਼ਾ ਬਣਾਉਣ ਵਾਲੇ ਦੀ ਭੈਣ ਨਾਲ ਗੱਲ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਿਸ ਤੋਂ ਬਾਅਦ ਨਿਹੰਗਾਂ ਨੇ ਦੁਕਾਨ ਦੇ ਬਾਹਰ ਹੰਗਾਮਾ ਕਰ ਦਿੱਤਾ। ਨਿਹੰਗ ਸਿੰਘਾਂ ਨੇ ਚੇਤਾਵਨੀ ਦਿੱਤੀ ਕਿ ਉਹ ਤਿੰਨ ਦਿਨਾਂ ਬਾਅਦ ਮੁੜ ਆਉਣਗੇ ਅਤੇ ਉਸ ਦਿਨ ਕੁਝ ਵੱਡਾ ਹੋਵੇਗਾ। ਜਿਸ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਨੇ ਵੀਡੀਓ ਸ਼ੇਅਰ ਕਰ ਪ੍ਰਸ਼ਾਸਨ ਨੂੰ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੁਹਾਰ ਵੀ ਲਗਾਈ ਹੈ।