ਬਠਿੰਡਾ: ਪੰਜਾਬੀ ਗੀਤਾਂ 'ਚ ਇੱਕ ਅਲੱਗ ਪਹਿਚਾਣ ਬਣਾਉਣ ਵਾਲੀਆਂ ਕਲਮਾਂ ਚੋਂ ਇਕ ਕਲਮ ਹਮੇਸ਼ਾਂ ਲਈ ਖਾਮੋਸ਼ ਹੋ ਗਈ। ਪੰਜਾਬੀ ਸਰੋਤਿਆਂ ਦੀ ਝੋਲੀ 'ਚ ਅਨੇਕਾਂ ਗੀਤ ਪਾਉਣ ਵਾਲੇ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਲਵੇ ਦੀ ਧਰਤੀ 'ਤੇ ਬਠਿੰਡਾ 'ਚ ਰਹਿੰਦੇ ਇਸ ਪੰਜਾਬੀ ਪੁੱਤ ਦੀ ਕਲਮ ਨੇ ਅਨੇਕਾਂ ਮਿਆਰੀ ਗੀਤਾਂ ਰਾਹੀ ਸਰੋਤਿਆਂ ਦੇ ਦਿਲਾਂ 'ਚ ਇਕ ਖਾਸ ਥਾਂ ਬਣਾਈ ਹੈ। ਗੀਤਕਾਰਾਂ ਅਤੇ ਗਾਇਕਾਂ ਨੇ ਉਨਾਂ ਦੀ ਅਚਾਨਕ ਹੋਈ ਮੌਤ ਨੂੰ ਕਲਮ ਦੇ ਖੇਤਰ 'ਚ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।


ਤਿਵਾੜੀ ਦੇ ਗੀਤਾਂ 'ਚ ਪੱਟੇ ਗਏ ਨੀ ਮੁੰਡੇ ਤੇਰੇ ਨੀ ਪਿਆਰ ਦੇ, ਫੁੱਲਾਂ ਦੀ ਕੱਚੀਏ ਵਪਾਰਨੇ, ਨੱਚਣਾ ਸਖਤ ਮਨ੍ਹਾਂ ਹੈ (ਸਰਦੂਲ ਸਿਕੰਦਰ),  ਚਾਦਰ ਕੱਢਦੀ (ਕੁਲਦੀਪ ਮਾਣਕ), ਸਾਡਾ ਚਿੜੀਆਂ ਦਾ ਚੰਬਾ ਆਦਿ ਸ਼ਾਮਲ ਹਨ।ਇਸ ਤੋਂ ਇਲਾਵਾ ਪੰਜਾਬੀ ਫਿਲਮਾਂ 'ਚ ਵੀ ਉਨਾਂ ਨੇ ਕਾਫੀ ਗੀਤ ਲਿਖੇ ਜਿੰਨਾਂ 'ਚ ਨੈਣ ਪ੍ਰੀਤੋਂ ਦੇ, ਜੱਟ ਜਿਓਣਾ ਮੌੜ, ਦੁਸ਼ਮਣੀ ਜੱਟਾਂ ਦੀ, ਕੀ ਬਣੁ ਦੁਨੀਆਂ ਦਾ ਆਦਿ ਸ਼ਾਮਲ ਹਨ। ਉਨਾਂ ਵੱਲੋਂ ਪੰਜਾਬੀ ਨਾਟਕ  ਠੂੰਹੇ, ਰੂਹ ਅੰਬਰਾਂ ਤੱਕ ਰੋਈ ਅਤੇ ਬਲੀ ਆਦਿ ਵੀ ਲਿਖੇ ਗਏ।