Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਗੈਂਗਸਟਰ ਸਚਿਨ ਫੜਿਆ ਗਿਆ ਹੈ। ਦੁਬਈ ਪੁਲਿਸ ਨੇ ਉਸ ਨੂੰ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਉਸ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਇੱਕ ਟੀਮ ਅਜ਼ਰਬਾਈਜਾਨ ਗਈ ਹੈ।
ਦੱਸ ਦਈਏ ਕਿ ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ। ਉਹ ਪਿਛਲੇ ਸਾਲ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਫਰਾਰ ਹੋ ਗਿਆ ਸੀ। ਸਚਿਨ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਦੇਸ਼ ਛੱਡ ਕੇ ਭੱਜ ਗਿਆ ਸੀ। ਹੁਣ ਉਹ ਪੁਲਿਸ ਅੜਿੱਕੇ ਆ ਗਿਆ ਹੈ। ਸੁਰੱਖਿਆ ਏਜੰਸੀਆਂ ਅਗਲੇ 2 ਦਿਨਾਂ 'ਚ ਸਚਿਨ ਨੂੰ ਅਜ਼ਰਬਾਈਜਾਨ ਤੋਂ ਦਿੱਲੀ ਲੈ ਕੇ ਆਉਣਗੀਆਂ।
ਪੁਲਿਸ ਦੀ ਰਿਪੋਰਟ ਮੁਤਾਬਕ ਸਚਿਨ ਨੇ ਦੁਬਈ ਸਥਿਤ ਦਿੱਲੀ ਦੇ ਇੱਕ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਵੀ ਮੰਗੀ ਸੀ। ਕਾਰੋਬਾਰੀ ਦਾ ਨਾਂ ਗੈਲਨ ਦੱਸਿਆ ਜਾ ਰਿਹਾ ਹੈ। ਟੀ-10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੀ ਕਾਲ ਰਿਕਾਰਡਿੰਗ ਵੀ ਸੁਰਖੀਆਂ ਵਿੱਚ ਸੀ। ਸਚਿਨ ਨੂੰ ਇਸ ਮਾਮਲੇ 'ਚ ਫੜਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਚਿਨ ਦੇ ਦਿੱਲੀ ਆਉਣ ਤੋਂ ਬਾਅਦ ਕਈ ਵੱਡੇ ਮਾਮਲੇ ਹੱਲ ਹੋ ਜਾਣਗੇ। ਹਾਲ ਹੀ 'ਚ ਦਿੱਲੀ ਸਮੇਤ ਹੋਰ ਸੂਬਿਆਂ 'ਚ ਲਾਰੈਂਸ ਦੇ ਨਾਂ 'ਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਇਸ 'ਚ ਸਚਿਨ ਦੀ ਭੂਮਿਕਾ ਸਾਹਮਣੇ ਆਈ ਹੈ।
ਮਾਪਿਆ ਵੱਲੋਂ ਕੀਤੀ ਜਾ ਰਹੀ ਇਨਸਾਫ਼ ਦੀ ਮੰਗ
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਜੰਗ ਲੜ੍ਹੀ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਅਤੇ ਫਿਲਮ ਜਗਤ ਨਾਲ ਜੁੜੇ ਸਿਤਾਰੇ ਵੀ ਲੰਬੇ ਸਮੇਂ ਤੋਂ ਸਿੱਧੂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਹਨ। ਮੂਸਾ ਜੱਟ ਦੀ ਮਾਤਾ ਚਰਨ ਕੌਰ ਆਏ ਦਿਨ ਕੋਈ-ਨਾ-ਕੋਈ ਪੋਸਟ ਸਾਂਝੀ ਕਰ ਆਪਣੇ ਪੁੱਤਰ ਲਈ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੀ ਹੈ। ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਪੋਸਟਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਜਾਂਦੀਆਂ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਕਈ ਦੋਸ਼ੀਆਂ ਉੱਪਰ ਸ਼ਿਕੰਜਾ ਕੱਸਿਆ ਜਾ ਚੁੱਕਿਆ ਹੈ। ਫਿਲਹਾਲ ਇਸਦੇ ਮਾਸਟਰਮਾਈਂਡ ਨੂੰ ਹੁਣ ਭਾਰਤ ਲਿਆਂਦਾ ਜਾਵੇਗਾ।