Sidhu Moosewala Ustaad: ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਮਹਿਜ਼ 6 ਸਾਲਾਂ 'ਚ ਆਪਣੀ ਗਾਇਕੀ ਨਾਲ ਖੂਬ ਨਾਮ ਕਮਾਇਆ ਤੇ ਆਪਣੀ ਵਿਲੱਖਣ ਗਾਇਕੀ ਦੀ ਬਦੌਲਤ ਗਾਇਕ ਨੇ ਵਾਹ-ਵਾਹ ਖੱਟੀ ਤੇ ਇਸ ਵਾਹ-ਵਾਹੀ ਪਿੱਛੇ ਉਨ੍ਹਾਂ ਦੇ ਉਸਤਾਦਾਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ। ਸਿੱਧੂ ਮੂਸੇਵਾਲਾ ਦੇ ਇੱਕ ਉਸਤਾਦ ਲੁਧਿਆਣੇ ਦੇ ਹਰਵਿੰਦਰ ਬਿੱਟੂ ਵੀ ਹਨ ਜਿਨ੍ਹਾਂ ਤੋਂ ਸਿੱਧੂ ਨੇ ਡੇਢ ਸਾਲ ਤੱਕ ਸੰਗੀਤ ਸਿੱਖਿਆ ਤੇ ਸਿੱਧੂ ਦੀ ਲਗਨ ਤੇ ਜਜ਼ਬੇ ਨੂੰ ਦੇਖਦਿਆਂ ਉਨ੍ਹਾਂ ਦੇ ਉਸਤਾਦ ਵੀ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਵਰਗਾ ਕਲਾਕਾਰਾ ਆਉਂਦੇ ਕਈ ਸਾਲਾਂ ਵਿੱਚ ਪੈਦਾ ਨਹੀਂ ਹੋ ਸਕਦਾ।
ਆਪਣੀ ਵੱਖਰੀ ਗਾਇਕੀ ਤੇ ਸਟਾਈਲ ਕਰਕੇ ਸਿਖਰਾਂ 'ਤੇ ਪਹੁੰਚਣ ਵਾਲੇ ਸਿੱਧੂ ਮੂਸੇਵਾਲਾ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਲੁਧਿਆਣਾ ਦੇ ਹਰਵਿੰਦਰ ਬਿੱਟੂ ਤੋਂ ਇਸ ਡੇਢ ਸਾਲ ਦੀ ਸਿੱਖਿਆ ਦੇ ਸੰਗੀਤ ਨਾਲ ਹੀ ਸਿੱਧੂ ਨੇ ਆਪਣਾ ਪਹਿਲਾ ਗਾਣਾ ਕੱਢਿਆ ਸੀ ਜੋ ਵਿਸ਼ਵ ਪ੍ਰਸਿੱਧ ਹੋਇਆ ਤੇ ਸਿੱਧੂ ਮੂਸੇਵਾਲਾ ਪਹਿਲੇ ਹੀ ਗਾਣੇ ਤੋਂ ਵੱਡਾ ਸਟਾਰ ਬਣ ਗਿਆ ਸੀ। ਸਿੱਧੂ ਮੂਸੇ ਵਾਲੇ ਦਾ ਉਸਤਾਦ ਹਰਵਿੰਦਰ ਬਿੱਟੂ ਨੇ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਏਬੀਪੀ ਸਾਂਝਾ ਦੀ ਟੀਮ ਨਾਲ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਕਿਵੇਂ ਉਸ ਨੇ ਇੱਕ ਆਮ ਘਰ ਤੋਂ ਸਫਲ ਗਾਇਕ ਦਾ ਸਫਰ ਤੈਅ ਕੀਤਾ।
ਹਰਵਿੰਦਰ ਬਿੱਟੂ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲੇ ਨੇ ਯਾਨੀ ਸ਼ੁਭਦੀਪ ਸਿੰਘ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਤਾਂ ਸਾਲ 2015 ਦੇ ਵਿੱਚ ਉਸ ਨੇ ਲੁਧਿਆਣੇ ਉਨ੍ਹਾਂ ਕੋਲ ਲਗਪਗ ਡੇਢ ਸਾਲ ਸੰਗੀਤ ਸਿੱਖਿਆ ਸੀ ਜਿਸ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਉਨ੍ਹਾਂ ਦੱਸਿਆ ਕਿ ਜਦੋਂ ਉਸਦੀ ਪਹਿਲੀ ਐਲਬਮ ਆਈ ਤਾਂ ਉਸ ਦਾ ਪਰਿਵਾਰ ਕਾਫੀ ਉਤਸ਼ਾਹਿਤ ਸੀ ਉਸ ਦੇ ਪੋਸਟਰ ਬਠਿੰਡੇ ਤੋਂ ਮਾਨਸੇ ਤੱਕ ਲੱਗੇ ਹੋਏ ਸਨ। ਹਰਵਿੰਦਰ ਬਿੱਟੂ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਸਿੱਧੂ ਮੂਸੇਵਾਲਾ ਗਾਉਂਦਾ ਸੀ ਉਸ ਨੂੰ ਕਈ ਲੋਕ ਕਾਪੀ ਕਰਨ ਲੱਗੇ ਪਰ ਉਹ ਸਟਾਈਲ ਉਸ ਦਾ ਵੱਖਰਾ ਸੀ ਉਸ ਨੂੰ ਕੋਈ ਵੀ ਰਿਪਲੇਸ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਆਉਣ ਵਾਲੇ ਸਾਲਾਂ 'ਚ ਅਜਿਹਾ ਗਾਇਕ ਨਹੀਂ ਹੋ ਸਕਦਾ।
ਗਾਇਕੀ ਤੱਕ ਛੱਡ ਦਿੱਤੀ ਸੀ
ਸਿੱਧੂ ਮੂਸੇਵਾਲਾ ਦੇ ਉਸਤਾਦ ਰਹੇ ਹਰਵਿੰਦਰ ਬਿੱਟੂ ਨੇ ਦੱਸਿਆ ਕਿ ਕਿਵੇਂ ਸ਼ੁਰੂ ਵਿਚ ਜਦੋਂ ਉਸਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਨੂੰ ਕਾਫ਼ੀ ਨਾਕਾਮੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਸ ਨੇ ਹਾਰ ਨਹੀਂ ਮੰਨੀ ਇੱਕ ਵਾਰ ਤਾਂ ਉਸ ਨੇ ਗਾਇਕੀ ਹੀ ਛੱਡ ਦਿੱਤੀ ਸੀ ਪਰ ਕੈਨੇਡਾ ਜਾਣ ਤੋਂ ਬਾਅਦ ਜਦੋਂ ਉਹ ਵਾਪਸ ਆਇਆ ਤੇ ਜਦੋਂ ਉਸ ਨੇ ਪਹਿਲਾ ਗਾਣਾ ਕੱਢਿਆ ਤਾਂ ਉਹ ਕਾਫੀ ਪ੍ਰਸਿੱਧ ਹੋਇਆ।
2018 'ਚ ਹੋਈ ਸੀ ਆਖਰੀ ਮੁਲਾਕਾਤ
ਉਹਨਾਂ ਦੱਸਿਆ ਕਿ ਸਿੱਧੂ ਆਪਣੇ ਨਿੱਜੀ ਜੀਵਨ 'ਚ ਕਾਫੀ ਵਿਅਸਤ ਹੋ ਗਿਆ ਪਰ ਸਾਲ 2018 ਦੇ ਵਿੱਚ ਉਹਨਾਂ ਨੂੰ ਮਿਲਣ ਲਈ ਲੁਧਿਆਣਾ ਆਇਆ ਸੀ ਜਿਸ ਤੋਂ ਬਾਅਦ ਫਿਰ ਉਸ ਦਾ ਨੰਬਰ ਬਦਲ ਅਤੇ ਮੁਲਾਕਾਤ ਦਾ ਕੋਈ ਸਬੱਬ ਨਹੀਂ ਬਣਿਆ। ਸਿੱਧੂ ਦੇ ਕਤਲ 'ਤੇ ਹਰਵਿੰਦਰ ਸਿੰਘ ਬਿੱਟੂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਟੈਲੇਂਟ ਨਾਲ ਭਰਪੂਰ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋਣਾ ਬੇਹੱਦ ਮੰਦਭਾਗਾ ਹੈ।